ਟੂਟੋਂਗ, 4 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਬਰੂਨੇਈ ਦੇ ਦੌਰੇ 'ਤੇ ਸਨ, ਨੇ ਬੁੱਧਵਾਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੂਟਨੀਤਕ ਸਬੰਧਾਂ ਦੇ 40 ਸਾਲਾਂ ਦਾ ਜਸ਼ਨ ਮਨਾ ਰਹੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਮਹਾਨ ਸੱਭਿਆਚਾਰਕ ਪਰੰਪਰਾਵਾਂ 'ਤੇ ਆਧਾਰਿਤ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ਼ਾਰਿਆਂ ਰਾਹੀਂ ਚੀਨ ਨੂੰ ਵੀ ਝਿੜਕਿਆ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਬਰੂਨੇਈ ਭਾਰਤ ਦੀ ਐਕਟ ਈਸਟ ਨੀਤੀ ਤੇ ਇੰਡੋ-ਪੈਸੀਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ ਜੋ ਸਾਡੇ ਲਈ ਇੱਕ ਉੱਜਵਲ ਭਵਿੱਖ ਦੀ ਗਾਰੰਟੀ ਹੈ। ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਯਾਤਰਾ ਅਤੇ ਸਾਡੀ ਚਰਚਾ ਆਉਣ ਵਾਲੇ ਸਮੇਂ ਲਈ ਸਾਡੇ ਸਬੰਧਾਂ ਨੂੰ ਇੱਕ ਰਣਨੀਤਕ ਦਿਸ਼ਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਇਸ਼ਾਰਿਆਂ ਰਾਹੀਂ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਮੋਦੀ ਨੇ ਕਿਹਾ ਕਿ ਭਾਰਤ ਵਿਕਾਸ ਦੀ ਨੀਤੀ ਦਾ ਸਮਰਥਨ ਕਰਦਾ ਹੈ ਨਾ ਕਿ ਵਿਸਤਾਰਵਾਦ ਦਾ, ਹਾਲਾਂਕਿ ਉਨ੍ਹਾਂ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਤੁਹਾਨੂੰ ਦੱਸ ਦੇਈਏ ਕਿ ਬਰੂਨੇਈ ਦੱਖਣੀ ਚੀਨ ਸਾਗਰ ਦੇ ਦੱਖਣ ਵਿੱਚ ਸਥਿਤ ਹੈ, ਜਿਸ ਉੱਤੇ ਬੀਜਿੰਗ ਲਗਭਗ ਪੂਰੀ ਤਰ੍ਹਾਂ ਦਾਅਵਾ ਕਰਦਾ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੇ ਸਮਾਨ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਨੇਵੀਗੇਸ਼ਨ ਤੇ ਓਵਰਫਲਾਈਟ ਦੀ ਆਜ਼ਾਦੀ ਦਾ ਸਮਰਥਨ ਕਰਦਾ ਹੈ ਜੋ ਗਲੋਬਲ ਮੈਰੀਟਾਈਮ ਨੇਵੀਗੇਸ਼ਨ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ ਤੇ ਸਮੁੰਦਰੀ ਸਰੋਤਾਂ ਦੀ ਵਰਤੋਂ ਨੂੰ ਨਿਯੰਤ੍ਰਿਤ ਕਰਦਾ ਹੈ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਮੈਂ ਤੁਹਾਡੇ ਨਿੱਘੇ ਸੁਆਗਤ ਤੇ ਪਰਾਹੁਣਚਾਰੀ ਲਈ ਤੁਹਾਡਾ ਅਤੇ ਪੂਰੇ ਸ਼ਾਹੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। 140 ਕਰੋੜ ਭਾਰਤੀਆਂ ਦੀ ਤਰਫੋਂ, ਮੈਂ ਤੁਹਾਡੀ ਆਜ਼ਾਦੀ ਦੀ 40ਵੀਂ ਵਰ੍ਹੇਗੰਢ 'ਤੇ ਤੁਹਾਨੂੰ ਅਤੇ ਬਰੂਨੇਈ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਬਰੂਨੇਈ ਦੇ ਸੁਲਤਾਨ ਹਾਜੀ ਹਸਨਲ ਬੋਲਕੀਆ ਨੇ ਫਲਦਾਇਕ ਗੱਲਬਾਤ ਕੀਤੀ ਤੇ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਇੱਕ ਉੱਨਤ ਸਾਂਝੇਦਾਰੀ ਵਿੱਚ ਬਦਲਣ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਰੱਖਿਆ, ਵਪਾਰ ਅਤੇ ਨਿਵੇਸ਼, ਊਰਜਾ, ਪੁਲਾੜ ਤਕਨਾਲੋਜੀ, ਸਿਹਤ ਅਤੇ ਫਾਰਮਾਸਿਊਟੀਕਲ, ਸਮਰੱਥਾ ਨਿਰਮਾਣ, ਸੰਸਕ੍ਰਿਤੀ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।