- ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਰਬ ਧਰਮ ਸਮਾਗਮ 'ਚ ਲਿਆ ਹਿੱਸਾ
ਕੈਲੀਫੋਰਨੀਆ, 8 ਜਨਵਰੀ : ਦੂਜੀ ਵਾਰ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਜਿੱਤਣ ਤੋਂ ਬਾਅਦ ਗੈਵਿਨ ਨਿਊਸਮ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕਣ ਤੋਂ ਪਹਿਲਾਂ ਇੰਟਰਫੇਥ ਸਰਵਿਸ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਗੈਵਿਨ ਨਿਊਸਮ ਦੇ ਕਾਰਜਕਾਲ ਅਤੇ ਚੰਗੇ ਭਵਿੱਖ ਲਈ ਆਪੋ-ਆਪਣੇ ਢੰਗ ਨਾਲ ਅਰਦਾਸ ਕੀਤੀ, ਜਿਨ੍ਹਾਂ ਵਿਚ ਹਿੰਦੂ, ਸਿੱਖ, ਮੁਸਲਿਮ, ਕ੍ਰਿਸ਼ਚੀਅਨ, ਬੋਧੀ, ਨੇਟਿਵ ਇੰਡੀਅਨ ਆਦਿ ਤੋਂ ਇਲਾਵਾ ਹੋਰ ਵੀ ਕੁੱਝ ਧਰਮ ਸ਼ਾਮਲ ਸਨ। ਸਿੱਖ ਧਰਮ ਵੱਲੋਂ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਪ੍ਰਤੀਨਿਧਤਾ ਕੀਤੀ। ਇਸ ਦੌਰਾਨ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਕੈਲੀਫੋਰਨੀਆ ਵੱਖ-ਵੱਖ ਧਰਮਾਂ ਦਾ ਇਕ ਸਮੂਹ ਹੈ ਅਤੇ ਮੈਂ ਹਰ ਧਰਮ ਦੀ ਕਦਰ ਕਰਦਾ ਹਾਂ। ਉਨ੍ਹਾਂ ਇਸ ਭਰਵੇਂ ਸੰਮੇਲਨ ਦੌਰਾਨ ਆਏ ਵੱਖ-ਵੱਖ ਧਾਰਮਿਕ ਆਗੂਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਮੂਹ ਧਰਮਾਂ ਦੇ ਆਗੂਆਂ ਵੱਲੋਂ ਕੈਲੀਫੋਰਨੀਆ ਦੀ ਰਾਜਧਾਨੀ ਤੱਕ ਪੈਦਲ ਮਾਰਚ ਕੀਤਾ ਗਿਆ, ਜਿਸ ਦੀ ਰਸਤੇ ਵਿਚ ਖੜ੍ਹੇ ਲੋਕਾਂ ਨੇ ਸ਼ਲਾਘਾ ਕੀਤੀ। ਕੈਲੀਫੋਰਨੀਆ ਦੀ ਰਾਜਧਾਨੀ ਦੇ ਬਾਹਰ ਲੱਗੀ ਇੱਕ ਵੱਡੀ ਸਟੇਜ 'ਤੇ ਗੈਵਿਨ ਨਿਊਸਮ ਦੀ ਸਹੁੰ ਚੁੱਕ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਹੁਤ ਸਾਰੇ ਅਮਰੀਕੀ ਆਗੂ ਹਾਜ਼ਰ ਸਨ। ਗੈਵਿਨ ਨਿਊਸਮ ਆਪਣੇ ਪਰਿਵਾਰ ਸਮੇਤ ਸਟੇਜ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਭਾਰੀ ਗਿਣਤੀ ਵਿਚ ਆਏ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਨੂੰ ਸਰਕਾਰੀ ਭੇਤ ਗੁਪਤ ਰੱਖਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ। ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਜੈਨੀਫਰ ਨਿਊਸਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਗੈਵਿਨ ਨਿਊਸਮ ਨੇ ਇਕ ਲੰਮੀ ਤਕਰੀਰ ਕੀਤੀ, ਜਿਸ ਦੌਰਾਨ ਪਹਿਲਾਂ ਉਸ ਨੇ ਕੈਲੀਫੋਰਨੀਆ ਦੇ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਇਹ ਅਹੁਦਾ ਸੰਭਾਲਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਵਿਚ ਹਰ ਧਰਮ, ਹਰ ਮਜ਼੍ਹਬ ਦੇ ਲੋਕ ਰਹਿੰਦੇ ਹਨ, ਜਿਸ ਦੇ ਲਈ ਸਾਨੂੰ ਫਖ਼ਰ ਹੈ। ਇਥੇ ਹਰ ਕਿਸੇ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੈਂ ਤਨੋਂ, ਮਨੋ ਕੈਲੀਫੋਰਨੀਆ ਦੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਕਾਰਜਕਾਲ ਦੌਰਾਨ ਜਨਤਾ ਦੀ ਸਿਹਤ ਸੰਭਾਲ, ਵਿਦਿਆ, ਕਿਫਾਇਤੀ ਰਿਹਾਇਸ਼, ਚੰਗੀ ਤਨਖਾਹ ਆਦਿ ਵਰਗੇ ਕੰਮਾਂ ਨੂੰ ਤਰਜੀਹ ਦੇਣਗੇ।