ਸਰੀ : ਬਲਵਿੰਦਰ ਸਿੰਘ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਨੂੰ ਇਸ ਸਾਲ ਦਾ 25,000 ਡਾਲਰ ਦੀ ਰਾਸ਼ੀ ਵਾਲਾ ‘ਢਾਹਾਂ ਐਵਾਰਡ’ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਐਲਾਨ ਬੀਤੀ ਰਾਤ ਸਰੀ ਵਿਖੇ ਇਕ ਸਮਾਗਮ ਦੌਰਾਨ ਕੀਤਾ ਗਿਆ। ਅਰਵਿੰਦਰ ਕੌਰ ਧਾਲੀਵਾਲ ਦੇ ਕਹਾਣੀ ਸੰਗ੍ਰਿਹ ਝਾਂਜਰ ਵਾਲੇ ਪੈਰ ਅਤੇ ਜਾਵੇਦ ਬੂਟਾ ਦੇ ਚੌਲਾਂ ਦੀ ਬੁਰਕੀ ਨੂੰ 10-10 ਹਜਾਰ ਦੇ ਇਨਾਮ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਗਰੇਵਾਲ ਅਤੇ ਅਰਵਿੰਦਰ ਕੌਰ ਧਾਲੀਵਾਲ ਭਾਰਤ ਦੇ ਵਸਨੀਕ ਹਨ ਅਤੇ ਜਾਵੇਦ ਬੂਟਾ ਅਮਰੀਕਾ ਦਾ ਸ਼ਹਿਰੀ ਹੈ। ਇਸ ਐਵਾਰਡ ਲਈ ਪਹਿਲੇ ਅਤੇ ਦੂਜੇ ਇਨਾਮ ਲਈ ਪੁਸਤਕਾਂ ਦੀ ਚੋਣ ਤਿੰਨ ਮੈਂਬਰੀ ਫਾਈਨਲ ਜਿਊਰੀ ਨੇ ਕੀਤੀ। ਇਸ ਜਿਊਰੀ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ (ਕੈਨੇਡਾ), ਪ੍ਰੋ. ਜਸਪਾਲ ਘਈ (ਭਾਰਤ) ਅਤੇ ਜਨਾਬ ਮੁਨੀਰ ਗੁੱਜਰ (ਪਾਕਿਸਤਾਨ) ਸ਼ਾਮਲ ਸਨ। ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਕ ਪ੍ਰਧਾਨ ਬਰਜ ਢਾਹਾਂ ਨੇ ਇਸ ਮੌਕੇ ਦੱਸਿਆ ਕਿ ਇਸ ਇਨਾਮ ਦੀ ਸਥਾਪਨਾ ਤਕਰੀਬਨ ਇੱਕ ਦਹਾਕਾ ਪਹਿਲਾਂ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਅਤੇ ਦੋਹਾਂ ਪੰਜਾਬੀ ਲਿਪੀਆਂ (ਗੁਰਮੁਖੀ ਅਤੇ ਸ਼ਾਹਮੁਖੀ) ਵਿੱਚ ਵਾਰਤਕ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਸੀ। ਇਸ ਵਿਚ ਤਿੰਨ ਲੇਖਕਾਂ ਨੂੰ ਕੁੱਲ 45,000 ਡਾਲਰ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਸਾਲ ਇਸ ਐਵਾਰਡ ਲਈ ਉਨ੍ਹਾਂ ਨੂੰ ਭਾਰਤ, ਪਾਕਿਸਤਾਨ, ਯੂ.ਕੇ., ਯੂ.ਐੱਸ. ਅਤੇ ਆਸਟ੍ਰੇਲੀਆ ਸਮੇਤ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਲੇਖਕਾਂ ਦੀਆਂ ਪੁਸਤਕਾਂ ਪ੍ਰਾਪਤ ਹੋਈਆਂ ਸਨ।