ਯਮਨ ਸਾਗਰ 'ਚ ਕਿਸ਼ਤੀ ਡੁੱਬੀ, 49 ਦੀ ਮੌਤ: 140 ਲੋਕ ਲਾਪਤਾ, 71 ਨੂੰ ਬਚਾਇਆ 

ਕਾਹਿਰਾ, 12 ਜੂਨ : ਯਮਨ ਦੇ ਸਮੁੰਦਰੀ ਕੰਢੇ ’ਤੇ  ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ 140 ਹੋਰ ਲਾਪਤਾ ਹਨ। ਸੰਯੁਕਤ ਰਾਸ਼ਟਰ ਦੇ ਪ੍ਰਵਾਸੀ ਸੰਗਠਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।  ਸੰਗਠਨ ਦੇ ਇਕ ਬਿਆਨ ਮੁਤਾਬਕ ਜਹਾਜ਼ ’ਤੇ  ਲਗਭਗ 260 ਸੋਮਾਲੀ ਅਤੇ ਇਥੋਪੀਆ ਦੇ ਨਾਗਰਿਕ ਸਵਾਰ ਸਨ। ਇਹ ਜਹਾਜ਼ ਸੋਮਾਲੀਆ ਦੇ ਉੱਤਰੀ ਤੱਟ ਤੋਂ ਅਦਨ ਦੀ ਖਾੜੀ ਤਕ  320 ਕਿਲੋਮੀਟਰ ਦੀ ਯਾਤਰਾ ’ਤੇ  ਸੀ ਜਦੋਂ ਇਹ ਮੰਗਲਵਾਰ ਨੂੰ ਯਮਨ ਦੇ ਦਖਣੀ ਤੱਟ ’ਤੇ  ਡੁੱਬ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਹੁਣ ਤਕ  71 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿੱਚੋਂ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਆਈਓਐਮ ਨੇ 31 ਔਰਤਾਂ ਅਤੇ 6 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਆਈਓਐਮ ਦੇ ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਫਿਲਹਾਲ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। 

ਕਿਸ਼ਤੀ ਵਿੱਚ 115 ਸੋਮਾਲੀ ਅਤੇ 145 ਇਥੋਪੀਆਈ ਨਾਗਰਿਕ ਸਵਾਰ ਸਨ।
ਆਈਓਐਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ 115 ਸੋਮਾਲੀ ਅਤੇ 145 ਇਥੋਪੀਆਈ ਨਾਗਰਿਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਆਈਓਐਮ ਦੀ ਟੀਮ ਨੇ ਸੀਮਤ ਸਾਧਨਾਂ ਨਾਲ ਬਚਾਅ ਕਰਨਾ ਹੈ। ਸੰਯੁਕਤ ਰਾਸ਼ਟਰ (ਯੂ. ਐੱਨ.) ਮੁਤਾਬਕ ਕਿਸ਼ਤੀ ਐਤਵਾਰ ਨੂੰ ਸੋਮਾਲੀਆ ਦੇ ਬੋਸਾਸੋ ਤੋਂ ਰਵਾਨਾ ਹੋਈ ਸੀ। ਉਨ੍ਹਾਂ ਕਿਹਾ ਕਿ ਹਰ ਸਾਲ ਹਜ਼ਾਰਾਂ ਅਫਰੀਕੀ ਪ੍ਰਵਾਸੀ ਯਮਨ ਤੋਂ ਪੂਰਬੀ ਰਸਤੇ ਰਾਹੀਂ ਲਾਲ ਸਾਗਰ ਪਾਰ ਕਰਕੇ ਸਾਊਦੀ ਅਰਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਅਪ੍ਰੈਲ 'ਚ 62 ਲੋਕਾਂ ਦੀ ਚਲੀ ਗਈ ਸੀ ਜਾਨ 
ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ 'ਚ ਦੋ ਹਫਤਿਆਂ ਦੇ ਅੰਦਰ ਅਜਿਹੀਆਂ ਵੱਖ-ਵੱਖ ਘਟਨਾਵਾਂ 'ਚ 62 ਤੋਂ ਵੱਧ ਲੋਕ ਮਾਰੇ ਗਏ। ਆਈਓਐਮ ਦੇ ਅਧਿਕਾਰੀਆਂ ਨੇ ਦੱਸਿਆ ਕਿ 2014 ਤੋਂ ਹੁਣ ਤੱਕ ਇਸ ਮਾਰਗ 'ਤੇ 1860 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 2023 ਵਿੱਚ ਇਸ ਰਸਤੇ ਤੋਂ ਲੰਘਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 90 ਹਜ਼ਾਰ ਤੋਂ ਵੱਧ ਸੀ। ਇਸ ਕਾਰਨ ਯਮਨ ਵਿੱਚ ਪ੍ਰਵਾਸੀਆਂ ਦੀ ਗਿਣਤੀ ਹੁਣ 4 ਲੱਖ ਦੇ ਕਰੀਬ ਪਹੁੰਚ ਗਈ ਹੈ।