ਕਾਂਗੋ ਨਦੀ 'ਚ ਡੁੱਬੀ ਕਿਸ਼ਤੀ, 21 ਬੱਚਿਆਂ ਸਮੇਤ 86 ਲੋਕਾਂ ਦੀ ਹੋਈ ਦਰਦਨਾਕ ਮੌਤ 

ਕਿਨਸ਼ਾਸਾ, 12 ਜੂਨ : ਪੱਛਮੀ ਲੋਕਤੰਤਰੀ ਕਾਂਗੋ ਗਣਰਾਜ (ਡੀ.ਆਰ.ਸੀ) ਦੇ ਸੂਬੇ ਮਾਈ-ਨਡੋਮਬੇ ਵਿਚ ਕਾਂਗੋ ਨਦੀ ਦੀਆਂ ਸਹਾਇਕ ਨਦੀਆਂ ਵਿਚੋਂ ਇਕ ਕਵਾ ਨਦੀ ਵਿਚ ਸੋਮਵਾਰ ਦੇਰ ਰਾਤ ਇਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ 21 ਬੱਚਿਆਂ ਸਮੇਤ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸੂਤਰਾਂ ਨੇ ਮੰਗਲਵਾਰ ਨੂੰ ਸਿਨਹੂਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤ ਕਰੀਬ 11 ਵਜੇ ਲੇਡੀਬਾ ਪਿੰਡ ਨੇੜੇ ਵਾਪਰਿਆ। ਕਿਸ਼ਤੀ ਮੁਸ਼ੀ ਸ਼ਹਿਰ ਤੋਂ ਡੀਆਰਸੀ ਦੀ ਰਾਜਧਾਨੀ ਕਿਨਸ਼ਾਸਾ ਜਾ ਰਹੀ ਸੀ।ਸੂਤਰਾਂ ਨੇ ਦੱਸਿਆ ਕਿ ਹੁਣ ਤੱਕ 185 ਲੋਕਾਂ ਨੂੰ ਬਚਾਇਆ ਗਿਆ ਹੈ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕਿਸ਼ਤੀ 'ਤੇ ਸਵਾਰ ਯਾਤਰੀਆਂ ਦੀ ਗਿਣਤੀ ਅਜੇ ਵੀ ਅਣਜਾਣ ਹੈ।