ਮੱਕਾ ਵਿਚ ਹੱਜ ਕਰਨ ਆਏ 577 ਸ਼ਰਧਾਲੂਆਂ ਦੀ ਗਰਮੀ ਲੱਗਣ ਨਾਲ ਮੌਤ 

ਮੱਕਾ, 19 ਜੂਨ, 2024 : ਮੱਕਾ ਵਿਚ ਹੱਜ ਕਰਨ ਆਏ 577 ਸ਼ਰਧਾਲੂਆਂ ਦੀ ਗਰਮੀ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੱਕਾ ਵਿਚ ਤਾਪਮਾਨ 51 ਡਿਗਰੀ ਤੋਂ ਵੀ ਟੱਪ ਗਿਆ ਹੈ। ਮ੍ਰਿਤਕਾਂ ਵਿਚ ਬਹੁਤੇ ਮਿਸਰ ਤੇ ਜੋਰਡਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੱਕਾ ਵਿਚ ਅਲਮੁਆਇਸੇਮ ਮੁਰਦਾਘਰ ਵਿਚ 550 ਤੋਂ ਜ਼ਿਆਦਾ ਲਾਸ਼ਾਂ ਪਈਆਂ ਦੱਸੀਆਂ ਜਾ ਰਹੀਆਂ ਹਨ। ਸਾਊਦੀ ਸਰਕਾਰ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਕਰੀਬ 577 ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਹੱਜ ਯਾਤਰੀਆਂ ਵਿਚ ਜ਼ਿਆਦਾਤਰ ਮਿਸਰ ਦੇ 323 ਸ਼ਰਧਾਲੂ ਸ਼ਾਮਲ ਹਨ, 60 ਜਾਰਡਨ ਵਾਸੀਆਂ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਏਐਫਪੀ ਨੂੰ ਦੱਸਿਆ ਕਿ ਮਰੇ ਹੋਏ ਮਿਸਰੀਆਂ ਵਿੱਚੋਂ ਇੱਕ ਦੀ ਭੀੜ ਨਾਲ ਟਕਰਾਉਣ ਤੋਂ ਬਾਅਦ ਸੱਟਾਂ ਲੱਗਣ ਕਾਰਨ ਮੌਤ ਹੋ ਗਈ, ਬਾਕੀ ਮੌਤਾਂ ਦਾ ਕਾਰਨ ਗਰਮੀ ਨੂੰ ਮੰਨਿਆ ਗਿਆ। ਮਰਨ ਵਾਲੇ ਹੱਜ ਯਾਤਰੀਆਂ ਵਿੱਚ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਅੱਮਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਰਡਨ ਦੇ ਕਰੀਬ 60 ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਹੱਜ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਸਾਰੇ ਸਮਰੱਥ ਮੁਸਲਮਾਨਾਂ ਨੂੰ ਘੱਟੋ-ਘੱਟ ਇੱਕ ਵਾਰ ਇਸ ਨੂੰ ਕਰਨ ਦੀ ਲੋੜ ਹੁੰਦੀ ਹੈ। ਪਿਛਲੇ ਮਹੀਨੇ ਜਾਰੀ ਕੀਤੀ ਗਈ ਸਾਊਦੀ ਰਿਪੋਰਟ ਮੁਤਾਬਕ ਹੱਜ ਯਾਤਰਾ ‘ਤੇ ਜਲਵਾਯੂ ਤਬਦੀਲੀ ਦਾ ਕਾਫੀ ਅਸਰ ਪੈ ਰਿਹਾ ਹੈ, ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਨ੍ਹਾਂ ਥਾਵਾਂ ‘ਤੇ ਹੱਜ ਕੀਤਾ ਜਾਂਦਾ ਹੈ, ਉੱਥੇ ਤਾਪਮਾਨ ਹਰ ਦਹਾਕੇ ‘ਚ 0.4 ਡਿਗਰੀ ਸੈਲਸੀਅਸ (0.72 ਡਿਗਰੀ ਫਾਰਨਹਾਈਟ) ਵਧ ਰਿਹਾ ਹੈ। ਸਾਊਦੀ ਅਰਬ ਦੇ ਮੌਸਮ ਵਿਭਾਗ ਮੁਤਾਬਕ ਇਸ ਸਾਲ ਮੱਕਾ ਦੀ ਗ੍ਰੈਂਡ ਮਸਜਿਦ ‘ਚ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪਿਛਲੇ ਸਾਲ ਹੱਜ ਦੌਰਾਨ ਗਰਮੀ ਕਾਰਨ ਕਰੀਬ 240 ਹਾਜਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਇੰਡੋਨੇਸ਼ੀਆਈ ਨਾਗਰਿਕ ਸਨ। ਸਾਊਦੀ ਅਧਿਕਾਰੀਆਂ ਮੁਤਾਬਕ ਗਰਮੀ ਕਾਰਨ ਬਿਮਾਰ ਹੋਏ ਕਰੀਬ ਦੋ ਹਜ਼ਾਰ ਹੱਜ ਯਾਤਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਹਿਰਾ ਹੱਜ ਦੌਰਾਨ ਲਾਪਤਾ ਹੋਏ ਮਿਸਰੀਆਂ ਦੀ ਭਾਲ ਲਈ ਸਾਊਦੀ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ।