ਜੋਹਾਨਸਬਰਗ, 14 ਫਰਵਰੀ : ਲਿਮਪੋਪੋ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਇਕ ਟਰੱਕ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਸੰਤੁਲਨ ਗੁਆਉਣ ਕਾਰਨ ਵਾਪਰਿਆ ਹੈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਿਮਪੋਪੋ ਸੂਬਾਈ ਟਰਾਂਸਪੋਰਟ ਅਤੇ ਕਮਿਊਨਿਟੀ ਸੇਫਟੀ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 5 ਵਜੇ ਵੇਮਬੇ ਜ਼ਿਲ੍ਹੇ 'ਚ ਮੁਸੀਨਾ ਵੱਲ N1-29 ਮਾਸ਼ੋਵੇਲਾ ਰੋਡ 'ਤੇ ਵਾਪਰਿਆ। ਵਿਭਾਗ ਨੇ ਦੱਸਿਆ ਕਿ ਕਈ ਯਾਤਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਵਿਭਾਗ ਅਨੁਸਾਰ ਨਜ਼ਦੀਕੀ ਨਦੀ 'ਚ ਰੁੜ੍ਹੇ ਲੋਕਾਂ ਦੀ ਭਾਲ ਲਈ ਪੁਲਿਸ ਦੀ ਗੋਤਾਖੋਰੀ ਟੀਮ ਸਰਗਰਮ ਹੋ ਗਈ ਹੈ |