ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਤੱਤ-ਭੜੱਤੀ ’ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਰਮਾਣ ਅਧੀਨ ਰਾਮ ਮੰਦਰ ਦਾ ਉਦਘਾਟਨ ਕਰਨ ਪਿੱਛੇ ਦੇਸ਼ ਦਾ ਬੱਚਾ-ਬੱਚਾ ਭਾਜਪਾ ਦੀ ਮਨਸ਼ਾ ਤੋਂ ਵਾਕਿਫ਼ ਹੈ। ਕੇਵਲ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਰਮ ਦੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਤੋੜਦਿਆਂ ਅਯੁੱਧਿਆ ਵਿੱਚ ਨਿਰਮਾਣ ਅਧੀਨ ਅਧੂਰੇ ਰਾਮ ਮੰਦਰ ਦਾ ਕਾਹਲ਼-ਕਾਹਲ਼ ਵਿੱਚ ਉਦਘਾਟਨ ਕਰਨ ’ਤੇ ਦੇਸ਼ ਦੀਆਂ ਅਨੇਕਾਂ ਹਿੰਦੂ ਸੰਤ ਸਮਾਜ ਸੰਸਥਾਵਾਂ ਨੇ ਸਖ਼ਤ ਨਰਾਜ਼ਗੀ ਪ੍ਰਗਟ ਕੀਤੀ ਹੈ।
ਹਿੰਦੂ ਧਰਮ ਵਿੱਚ ਸਭ ਤੋਂ ਉੱਚੇ ਧਰਮ ਗੁਰੂ ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ ਨੇ ਵੀ ਇਸਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਮੰਦਰ ਉਦਘਾਟਨ ਲਈ ਭੇਜੇ ਸੱਦੇ ਤੱਕ ਨੂੰ ਵੀ ਠੁਕਰਾ ਦਿੱਤਾ। ਹਿੰਦੂ ਧਰਮ ਦੇ ਪੂਜਨੀਕ ਹਿੰਦੂ ਆਗੂ ਸ਼ੰਕਰਾਚਾਰੀਆ ਪ੍ਰਿਥਵੀਰਾਜ ਚਵਾਨ ਨੇ ਵੀ ਮੰਦਰ ਦੇ ਉਦਘਾਟਨੀ ਸਮਾਰੋਹ ਵਿੱਚ ਜਾਣ ਤੋਂ ਇਨਕਾਰ ਕਰਦਿਆਂ ਕਿਹਾ - “ਅਯੁੱਧਿਆ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਹ ਗਲਤ ਹੋ ਰਿਹਾ ਹੈ।”
ਸਰਕਾਰ ਵਿੱਚ ਵਿਰੋਧੀ ਧਿਰਾਂ ਨੇ ਵੀ ਇਸ ਸਮਾਰੋਹ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਣ-ਬੁੱਝਕੇ ਕੀਤੇ ਜਾਣ ਵਾਲਾ ਪਾਰਟੀ ਪ੍ਰਚਾਰ ਕਹਿਕੇ ਇਸਦਾ ਬਾਈਕਾਟ ਕੀਤਾ ਹੈ। ਕਿਉਂਕਿ ਜੇਕਰ ਅਯੁੱਧਿਆ ਕਾਂਡ ਨੂੰ ਸੁਰੂਆਤੀ ਸਮੇਂ ਤੋਂ ਵਾਚਿਆ ਜਾਵੇ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਧਾਰਮਿਕ ਕਾਂਡ ਪਿੱਛੇ ਹਮੇਸ਼ਾਂ ਹੀ ਸਿਆਸਤ ਕੰਮ ਕਰਦੀ ਰਹੀ ਹੈ। ਅਯੁੱਧਿਆ ਕਾਂਡ ਨੇ ਨਾ ਸਿਰਫ ਹਿੰਦੂਤਵ ਅਤੇ ਬਹੁਗਿਣਤੀਵਾਦ ਨੂੰ ਮੁੱਖ ਧਾਰਾ ਵਿੱਚ ਪਰੋਇਆ, ਸਗੋਂ ਇਸਨੇ ਭਾਰਤ ਦੀ ਰਾਜਨੀਤਕ ਪ੍ਰਵਿਰਤੀ ਨੂੰ ਵੀ ਬਦਲਕੇ ਰੱਖ ਦਿੱਤਾ ਹੈ। ਸ਼੍ਰੀ ਰਾਮ ਮੰਦਰ ਨਾਲ ਜੁੜੇ ਅਯੁੱਧਿਆ ਕਾਂਡ ਦੇ ਪਿਛੋਕੜ ਨੂੰ ਖੰਗਾਲਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਅਯੁੱਧਿਆ ਵਿੱਚ ਆਰ ਐੱਸ ਐੱਸ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਸਮਾਰੋਹ ਕਰਨ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਅਸਲ ਰਾਜਸੀ ਮਨਸੂਬਿਆਂ ਨੂੰ ਸਮਝਣ ਤੋਂ ਕੌਣ ਇਨਕਾਰ ਕਰ ਸਕਦਾ ਹੈ?
ਸਾਲ 2024 ਦੀਆਂ ਇਹਨਾਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਰਾਮ ਜੀ ਸਹਾਰਾ ਲੈ ਕੇ ਕਲਸ਼ ਯਾਤਰਾ ਦੇ ਰੂਪ ’ਚ ਪੂਰੇ ਦੇਸ਼ ਵਿੱਚ ਪਾਰਟੀ ਦੀਆਂ ਸਿਆਸੀ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਨਰਿੰਦਰ ਮੋਦੀ 2014 ਵਿੱਚ ਤਤਕਾਲੀ ਯੂਪੀਏ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਮੱਦੇ ਨੂੰ ਤੂਲ ਦੇ ਕੇ ਪੂਰਾ ਲਾਹਾ ਲੈਂਦਿਆਂ ਭਾਰਤ ਦੀ ਸੱਤਾ ਸਮੇਟਣ ਵਿੱਚ ਪੂਰੇ ਸਫ਼ਲ ਰਹੇ ਸਨ। ਇਸੇ ਤਰ੍ਹਾਂ ਹੀ 2019 ਵਿੱਚ ਪੁਲਬਾਮਾ ਅਤੇ ਬਾਲਾਕੋਟ ਘਟਨਾਵਾਂ ਸਮੇਂ ਤੱਤੇ ਲੋਹੇ ’ਤੇ ਸੱਟ ਮਾਰਦਿਆਂ ਦੁਬਾਰਾ ਪੀਐੱਮ ਦੇ ਅਹੁਦੇ ’ਤੇ ਕਾਬਜ਼ ਹੋ ਗਏ। ਇਸ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਧਰਮ ਦੇ ਰਾਹ ’ਤੇ ਆਪਣਾ ਰਾਹ ਪੱਧਰਾ ਕਰਨ ਲਈ ਯੂ-ਟਰਨ ਮਾਰਦਿਆਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨਾਲ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀਆਂ ਵੋਟਾਂ ਹਿੰਦੂਤਵ ਮੁੱਦੇ ’ਤੇ ਰਾਮ ਮੰਦਰ ਨੂੰ ਅੱਗੇ ਰੱਖਕੇ ਬਟੋਰੀਆਂ ਜਾਣਗੀਆਂ।
ਮਹਾਰਾਸ਼ਟਰ ਵਿੱਚ ਬੀਜੇਪੀ ਦੇ ਉੱਪ-ਪ੍ਰਧਾਨ ਸ਼੍ਰੀ ਮਾਧਵ ਭੰਡਾਰੀ ਵੱਲੋਂ ਦਿੱਤਾ ਬਿਆਨ ਤਾਂ ਭਾਜਪਾ ਅਤੇ ਆਰ ਐੱਸ ਐੱਸ ਦੇ ਅਗਲੇ ਚੁਣਾਵੀ ਏਜੰਡੇ ਵੱਲ ਸਿੱਧਾ ਹੀ ਇਸ਼ਾਰਾ ਕਰ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਕੋਈ ਲੋਕ ਅੰਦੋਲਨ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਜਾਂਦਾ ਹੈ, ਤਾਂ ਲੋਕਾਂ ਦਾ ਨਜ਼ਰੀਆ ਇੱਕ ਦਿਸ਼ਾ ਵਿੱਚ ਜਾਣ ਲੱਗਦਾ ਹੈ। ਇਸਦਾ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵ ਪਵੇਗਾ ਅਤੇ ਤੁਹਾਨੂੰ ਉਹ ਨਤੀਜਾ ਨਿਸ਼ਚਿਤ ਤੌਰ ਤੇ ਦੇਖਣ ਨੂੰ ਮਿਲੇਗਾ।
ਸ਼੍ਰੀ ਭੰਡਾਰੀ ਦੀ ਇਹ ਦਲੀਲ ਇਸ ਗੱਲ ਵੱਲ ਸਪੱਸ਼ਟ ਇਸ਼ਾਰਾ ਕਰਦੀ ਹੈ ਕਿ ਬੀਜੇਪੀ ਨੇ ਰਾਮ ਮੰਦਰ ਮੁੱਦੇ ਨੂੰ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਕਈ ਦਹਾਕਿਆਂ ਤੋਂ ਇਸੇ ਕਾਰਨ ਤੋਂ ਭਖਾਈ ਰੱਖਿਆ ਸੀ।
ਉੱਘੇ ਸੇਫੋਲੋਜਿਸਟ ਸੰਜੇ ਕੁਮਾਰ 2014 ਅਤੇ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਦੇਸ਼ ਦੀ ਹਿੰਦੂ ਵੋਟ ਦੇ ਸਰਵੇਖਣ ਬਾਰੇ ਯਾਦ ਕਰਾਉਂਦੇ ਹੋਏ ਦੱਸਦੇ ਹਨ ਕਿ ਰੋਜ਼ਾਨਾ ਮੰਦਰਾਂ ਵਿੱਚ ਜਾਣ ਵਾਲੇ ਧਾਰਮਿਕ ਪ੍ਰਵਿਰਤੀ ਵਾਲੇ ਲੋਕ ਬੀਜੇਪੀ ਵੱਲ ਝੁਕਾਅ ਰੱਖਣ ਵਾਲੇ ਲੋਕ ਹਨ। ਇਸੇ ਕਾਰਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੰਦਰਾਂ ਵਿੱਚ ਆਸਥਾ ਰੱਖਣ ਵਾਲੇ ਹਿੰਦੂ ਲੋਕਾਂ ਦੀ 51 ਫੀਸਦ ਵੋਟ ਭਾਜਪਾ ਦੇ ਖਾਤੇ ਗਈ ਸੀ।
ਬੀਜੇਪੀ ਦੇ ਹਿੰਦੂਤਵ ਏਜੰਡੇ ਉੱਤੇ ਸੰਜੇ ਕੁਮਾਰ ਕਹਿੰਦੇ ਹਨ - “ਇਹ ਬਿਰਤਾਂਤ ਕਿ ਜਾਨ ਖਤਰੇ ਵਿੱਚ ਹੈ, ਪ੍ਰਭਾਵਸ਼ਾਲੀ ਨਹੀਂ ਹੈ। ਪਰ ਹਿੰਦੂ ਖਤਰੇ ਮੇਂ ਹੈ, ਪ੍ਰਭਾਵਸ਼ਾਲੀ ਹੈ ।”
ਪ੍ਰਧਾਨ ਮੰਤਰੀ ਵੱਲੋਂ ਸੱਤਾ ਪ੍ਰਾਪਤੀ ਲਈ ਇਸ ਹੱਦ ਤੱਕ ਧਾਰਮਿਕ ਜਨੂੰਨੀ ਬਣਨਾ, ਸਮਝ ਤੋਂ ਬਾਹਰ ਹੈ। ਹਿੰਦੂ ਰਾਸ਼ਟਰ ਦਾ ਸੁਪਨਾ ਵੇਖਣ ਵਾਲੇ ਮੋਦੀ ਸਾਹਿਬ ਦੇ ਮੁਲਕ ਦੇ ਹਿੰਦੂ ਸ਼ੰਕਰਾਚਾਰੀਆ ਗੁਰੂ, ਉਹਨਾਂ ਦੀ ਹਿੰਦੂ ਧਰਮ ਦੀਆਂ ਪ੍ਰੰਪਰਾਵਾਂ ਅਤੇ ਮਰਿਯਾਦਾਵਾਂ ਨੂੰ ਤੋੜਨ ਦਾ ਵਿਰੋਧ ਕਰ ਰਹੇ। ਪ੍ਰਧਾਨ ਮੰਤਰੀ ਮੋਦੀ ਦੀਆਂ ਨਜ਼ਰਾਂ ’ਚ ਦੇਸ਼ ਵਿੱਚ ਰਾਮ ਮੰਦਰ ਦੇ ਵਿਰੋਧੀ ਮੁਸਲਿਮ ਸਮਰਥਕ ਹਨ। ਤਾਂ ਫਿਰ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਕੀ ਰਾਮ ਮੰਦਰ ਦੇ ਉਦਘਾਟਨ ’ਤੇ ਵਿਰੋਧ ਕਰਨ ਵਾਲੇ ਸ਼ੰਕਰਾਚਾਰੀਆ ਹਿੰਦੂ ਗੁਰੂ ਵੀ ਪ੍ਰਧਾਨ ਮੰਤਰੀ ਮੋਦੀ ਦੀਆਂ ਨਜ਼ਰਾਂ ’ਚ ਮੁਸਲਿਮ ਸਮਰਥਕ ਹਨ?
ਲੋਕ ਰਾਮ ਮੰਦਰ ਦੇ ਉਦਘਾਟਨ ਨੂੰ ਸਿਆਸੀ ਆਸਥਾ ਨਾਲ ਜੋੜਦੇ ਹਨ ਕਿ ਅਗਲੀਆਂ ਲੋਕ ਸਭਾ ਚੋਣਾ ਦਾ ਨਤੀਜਾ ਇਸ ਪ੍ਰਤੀ ਲੋਕਾਂ ਦੇ ਨਜ਼ਰੀਏ ਤੋਂ ਜ਼ਰੂਰ ਪ੍ਰਭਾਵਿਤ ਹੋਵੇਗਾ। ਇਹਨਾਂ ਚੋਣਾਂ ਮਗਰੋਂ ਇਹ ਜ਼ਰੂਰ ਤੈਅ ਹੋਣਾ ਪੱਕਾ ਹੈ ਕਿ ਅਯੁੱਧਿਆ ਵਿੱਚ ਮੂਰਤੀ ਸਥਾਪਨਾ ਨਾਲ ਰਾਮ ਮੰਦਰ ਦਾ ਮੁੱਦਾ ਜਾਂ ਤਾਂ ਖਤਮ ਹੋ ਜਾਵੇਗਾ ਅਤੇ ਜਾਂ ਫਿਰ ਬੀਜੇਪੀ ਅਤੇ ਆਰ ਐੱਸ ਐੱਸ ਦੇ ਹਿੰਦੂਤਵ ਏਜੰਡੇ ਨੂੰ ਖੰਭ ਲਗਾ ਦੇਵੇਗਾ।
Comments
Agaricultur. Coparate. Bhart
Punjab. Dist. Sangrurr. 148023.Dhano
Punjab. Dist. Sangrurr. 148023.Dhano