ਸਿੱਖ ਭਾਈਚਾਰੇ ਪ੍ਰਤੀ ਸ਼ੁਰੂ ਤੋਂ ਹੀ ਜ਼ਹਿਰ ਉਗਲਣ ਵਾਲੀ ਕੰਗਣਾ ਰਾਣੌਤ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੀ ਇਤਿਹਾਸਕ ਜਿੱਤ ਉੱਤੇ ਪੰਜਾਬ ਪ੍ਰਤੀ ਗ਼ੈਰ ਜਿੰਮੇਵਾਰਾਨਾ ਬਿਆਨ ਦੇ ਕੇ ਨਰਿੰਦਰ ਮੋਦੀ ਨੂੰ ਖੁਸ਼ ਕਰਕੇ ਕੇਂਦਰ ਦੀ ਵਜ਼ੀਰੀ ਲੈਣ ਲਈ ਸੌੜੀ ਸਿਆਸਤੀ ਖੇਡ੍ਹ ਖੇਡ੍ਹਣੀ ਸ਼ੁਰੂ ਕਰ ਦਿੱਤੀ ਹੈ।
ਲੰਘੇ ਦਿਨੀਂ ਕੰਗਣਾ ਰਾਣੌਤ ਦੇ ਚੰਡੀਗੜ੍ਹ ਏਅਰਪੋਰਟ ਉੱਤੇ ਇੱਕ ਮਹਿਲਾ ਸੁਰੱਖਿਆ ਕਰਮੀ ਨਾਲ ਹੋਏ ਤਕਰਾਰ ਪਿੱਛੋਂ ਇਸ ਮਾਮਲੇ ਨੂੰ ਤੂਲ ਦੇ ਕੇ ਸਿੱਖਾਂ ਅਤੇ ਪੰਜਾਬੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨੀਆਂ ਅਤਿ ਨਿੰਦਣਯੋਗ ਹਨ। ਕੰਗਣਾ ਵੱਲੋਂ ਮੈਂਬਰ ਪਾਰਲੀਮੈਂਟ ਬਣਦਿਆਂ ਹੀ ਸਿੱਖਾਂ ਦੇ ਚਹੇਤੇ ਲੀਡਰਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਵੱਲ ਅਸਿੱਧੇ ਰੂਪ ਵਿੱਚ ਨਿਸ਼ਾਨਾ ਸਾਧਦੇ ਹੋਏ ਪੰਜਾਬ ਪ੍ਰਤੀ ਅਪੱਤੀਜਨਕ ਬਿਆਨ ਦਾਗ਼ਣੇ, ਉਸਦੀ ਪੰਜਾਬ ਵਿਰੋਧੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਕੇਂਦਰ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ ਨਵੀਂ ਬਣੀ ਸਾਂਸਦ ਕੰਗਣਾ ਰਣੌਤ ਦਾ ਪੰਜਾਬ ਵਿੱਚ ਫਿਰ ਤੋਂ ਪਨਪਣ ਜਾ ਰਹੇ ਅੱਤਵਾਦ ਬਾਰੇ ਦਿੱਤਾ ਤਾਜ਼ਾ ਬਿਆਨ ਬਹੁਤ ਹੀ ਮੰਦਭਾਗਾ ਹੈ। ਜਦਕਿ ਸਚਾਈ ਇਹ ਹੈ ਕਿ ਅਗਲੀ ਕੇਂਦਰੀ ਵਜ਼ਾਰਤ ਵਿੱਚ ਨਵੀਂ ਕੁਰਸੀ ਮੱਲ੍ਹਣ ਦੇ ਚੱਕਰ ਵਿੱਚ ਉਸ ਵੱਲੋਂ ਦਿੱਤਾ ਬਿਆਨ ਭਾਈਚਾਰਕ ਸਾਂਝਾਂ ਮਿਟਾਉਣ ਵਾਲਾ, ਦੇਸ਼ ਵਿੱਚ ਸ਼ਾਂਤੀ ਭੰਗ ਕਰਨ ਵਾਲਾ ਅਤੇ ਫ਼ਿਰਕੂ ਪ੍ਰਦੂਸ਼ਣ ਫੈਲਾਉਣ ਵਾਲ਼ਾ ਹੀ ਕਿਹਾ ਜਾ ਸਕਦਾ ਹੈ। ਇਸ ਲਈ ਸ਼੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਨਵੀਂ ਸਾਂਸਦ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਦੇ ਇੱਕ ਦੋ ਪਾਠ ਜ਼ਰੂਰ ਪੜ੍ਹਾਉਣ ਤਾਂ ਕਿ ਉਹ ਸਿੱਖਾਂ ਦੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਵਿੱਚ ਪਾਏ ਯੋਗਦਾਨ ਤੋਂ ਜਾਣੂ ਹੋ ਸਕੇ। ਕਿਸੇ ਵੀ ਦੇਸ਼ ਦੀ ਸੰਸਦ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਰਾਹੀਂ ਲੋਕਾਂ ਦੀ ਆਵਾਜ਼ ਦੇਸ਼-ਦੁਨੀਆਂ ਸਾਹਮਣੇ ਰੱਖਣ ਲਈ ਹੁੰਦੀ ਹੈ, ਨਾ ਕਿ ਫ਼ਿਰਕੂ ਵੰਡਾਂ ਪਾਉਣ ਲਈ। ਕੇਵਲ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਕੰਗਣਾ ਰਾਣੌਤ ਨੂੰ ਸਿੱਖ ਕੌਮ ਪ੍ਰਤੀ ਕੂੜ ਪ੍ਰਚਾਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਪੂਰਾ ਵਿਸ਼ਵ ਸਿੱਖਾਂ ਦੇ ਦੇਸ਼ ਅਤੇ ਦੁਨੀਆਂ ਪ੍ਰਤੀ ਕੀਤੇ ਮਹਾਨ ਕੀਰਤੀਮਾਨਾਂ ਤੋਂ ਜਾਣੂ ਹੈ। ਉਸਨੂੰ ਸਿੱਖਾਂ ਪ੍ਰਤੀ ਗੁਮਰਾਹਕੁਨ ਪ੍ਰਚਾਰ ਕਰਨ ਦੀ ਬਜਾਏ ਦੇਸ਼ ਦੀ ਸਾਂਸਦ ਹੋਣ ਦੇ ਨਾਤੇ ਇੱਕ ਆਦਰਸ਼ ਜ਼ਾਬਤੇ ਵਿੱਚ ਰਹਿਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਘਟਨਾ ਨੂੰ ਢਾਲ਼ ਬਣਾਕੇ ਕੰਗਣਾ ਨੂੰ ਫ਼ੋਕੀ ਸ਼ੋਹਰਤ ਬਟੋਰਨ ਲਈ ਸਿੱਖਾਂ ਨਾਲ ਬਹਿਸਬਾਜ਼ੀ ਵਿੱਚ ਪੈ ਕੇ ਪੰਜਾਬ ਵਿਰੁੱਧ ਨਫ਼ਰਤੀ ਮਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਦੇਸ਼ ਦੀ ਇੱਕ ਜਿੰਮੇਦਾਰ ਨਾਗਰਿਕ ਹੋਣ ਦੇ ਨਾਲ-ਨਾਲ ਇੱਕ ਸਾਂਸਦ ਹੋਣ ਦੇ ਨਾਤੇ ਕੰਗਣਾ ਰਾਣੌਤ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਤੋਂ ਮੁਆਫ਼ੀ ਮੰਗਕੇ ਸਿੱਖਾਂ ਦੇ ਦਿਲਾਂ ਵਿੱਚ ਆਪਣੇ ਲਈ ਨਫ਼ਰਤ ਦਾ ਬੀਜ ਬੀਜਣ ਦੀ ਬਜਾਏ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾਕੇ ਪਿਆਰ ਅਤੇ ਮੁਹੱਬਤ ਨਾਲ ਆਪਣੇ ਦੋ ਕਦਮ ਹੀ ਪੰਜਾਬ ਵੱਲ ਵਧਾਕੇ ਦੇਖੇ। ਕਿਉਂਕਿ ਪਿਆਰ ਦੀ ਭੁੱਖੀ ਸਿੱਖ ਅਤੇ ਪੰਜਾਬੀ ਕੌਮ ਦੂਸਰਿਆਂ ਲਈ ਆਪਣੀ ਜਾਨਾਂ ਤੱਕ ਵਾਰਨ ਵਾਲ਼ੀ ਕੌਮ ਹੈ।