ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਪੂਰਾ ਨਵੰਬਰ ਮਹੀਨਾ ਸਾਹਿਤਕ ਸਮਾਗਮ ਉਲੀਕੇ ਗਏ,ਜਿਸ ਤਹਿਤ ਅੱਜ ਜ਼ਿਲ੍ਹੇ ਵਿਚ ਰਾਜ ਪੱਧਰੀ ਕਵੀ ਦਰਬਾਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ (ਸੁਲਤਾਨਪੁਰ ਲੋਧੀ) ਵਿਖੇ ਕਰਵਾਇਆ ਗਿਆ। ਜਿਸ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ, ਮੈਂਬਰ ਰਾਜ ਸਭਾ, ਵਾਤਾਵਰਣੀ ਪ੍ਰੇਮੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐੱਮ ਸ੍ਰੀ ਲਾਲ ਵਿਸ਼ਵਾਸ ਬੈਂਸ ਵੀ ਹਾਜ਼ਰ ਸਨ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੇ ਗੁਰੂਆਂ-ਪੀਰਾਂ ਦੀ ਬੋਲੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਤੇ ਜੰਮੇ ਸਾਰੇ ਯੋਧਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਤੇ ਮਾਨ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਵਿਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਉਚਾਰਨ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਂ ਦਾ ਰੁਤਬਾ ਹੋਰ ਕੋਈ ਨਹੀਂ ਹੈ ਸਕਦਾ ਉਸੇ ਤਰ੍ਹਾਂ ਮਾਂ ਬੋਲੀ ਦੀ ਥਾਂ ਵੀ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਭਾਸ਼ਾ ਸਾਰੀਆਂ ਹੀ ਆਪਣੀ ਜਗ੍ਹਾਂ ਸਤਿਕਾਰਤ ਹਨ ਅਤੇ ਜੇਕਰ ਸਾਨੂੰ ਮਾਂ ਬੋਲੀ ਸਮਝ ਆ ਗਈ ਤਾਂ ਅਸੀ ਸਾਰੀਆਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਦੇ ਯੋਗ ਬਣ ਸਕਦੇ ਹਾਂ। ਇਸ ਮੌਕੇ ਐਸ.ਡੀ.ਐਮ ਕਪੂਰਥਲਾ ਸ੍ਰੀ ਲਾਲ ਵਿਸ਼ਾਸ ਬੈਂਸ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਚਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਮਾਂ ਬੋਲੀ ਪੰਜਾਬੀ ਨੂੰ ਦੁਨੀਆਂ ਦੇ ਨਕਸ਼ੇ ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ,ਰਾਜ ਪੱਧਰੀ ਕਵੀ ਦਰਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਲਖਵਿੰਦਰ ਜੌਹਲ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਡਾ. ਵੀਰ ਪਾਲ ਕੌਰ, ਸਹਾਇਕ ਡਾਇਰੈਕਟਰ ਸ੍ਰ: ਸਤਨਾਮ ਸਿੰਘ, ਅਤੇ ਹਰਭਜਨ ਕੌਰ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਲੋਂ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਕਵੀ ਦਰਬਾਰ ਸਮਾਗਮ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਆਏ ਹੋਏ ਕਵੀਆਂ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਵਲੋਂ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ । ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਹੈ ਤਾਂ ਜੋ ਆਉਣ ਵਾਲੇ ਲੋਕ ਅਤੇ ਵਿਦਿਆਰਥੀ ਮਾਂ ਬੋਲੀ ਪੰਜਾਬੀ ਦੇ ਵਿਚ ਲਿਖੀਆਂ ਹੋਈਆਂ ਪੁਸਤਾਂ ਪੜ੍ਹ ਸਕਣ ਅਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਸਬੰਧੀ ਹੋਰ ਜਾਣਕਾਰੀ ਹਾਸਿਲ ਕਰਨ। ਇਸ ਮੌਕੇ ਵਿਦਿਆਰਥਣਾਂ ਵਲੋ ਲੋਕ ਗੀਤ ਵੀ ਪੇਸ਼ ਕੀਤੇ ਗਏ। ਲੋਕਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬੀ ਵਿਰਸੇ ਨਾਲ ਸੰਬੰਧਤ ਸੱਭਿਆਚਾਰਕ ਪ੍ਰਦਰਸ਼ਨੀ ਅਤੇ ਕੈਲੀਗ੍ਰਾਫੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸ਼ਾਮਿਲ ਕਵੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਜਸਪ੍ਰੀਤ ਕੌਰ,ਸਾਬਕਾ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਗ਼ਜ਼ਲਗੋ ਰੂਪ ਦਬੁਰਜੀ, ਸ਼ਹਿਬਾਜ਼ ਖਾਨ, ਮੁਨੱਜ਼ਾ ਇਰਸ਼ਾਦ, ਸਪਨਾ ਸੈਣੀ ਸਹਾਇਕ ਪ੍ਰੋਫੈਸਰ, ਮਿਨਾਕਸ਼ੀ ਸ਼ਰਮਾ, ਉੱਘੇ ਕਵੀ ਮੁਖਤਿਆਰ ਸਿੰਘ ਚੰਦੀ, ਗੁਰਜਿੰਦਰ ਕੌਰ, ਸਲਮਾਨ ਅਤੇ ਬਲਵੀਰ ਸਿੰਘ ਆਲਮਗੀਰ ਸਿੱਧੂ, ਸੀਨੀਅਰ ਸਹਾਇਕ ਆਦਿ ਹਾਜ਼ਰ ਸਨ।