ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਫਸੇ ਹੁਸ਼ਿਆਰਪੁਰ ਦੇ ਸੱਤ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ 

ਹੁਸ਼ਿਆਰਪੁਰ, 06 ਮਾਰਚ : ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਫਸੇ ਹੁਸ਼ਿਆਰਪੁਰ ਦੇ ਸੱਤ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧੋਖੇ ਨਾਲ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਅਤੇ ਯੂਕਰੇਨ ਖਿਲਾਫ ਜੰਗ ਵਿੱਚ ਭੇਜ ਦਿੱਤਾ ਗਿਆ, ਜਦੋਂ ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੈਲਾਨੀ ਵੀਜ਼ੇ ‘ਤੇ ਰੂਸ ਗਏ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਰੂਸੀ ਸੈਨਿਕਾਂ ਦੀ ਵਰਦੀ ‘ਚ ਹੁੱਡ ਅਤੇ ਟੋਪੀ ਪਹਿਨੇ ਸੱਤ ਨੌਜਵਾਨ ਡਰੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਆਪਣੀ ਸਥਿਤੀ ਬਾਰੇ ਦੱਸ ਰਿਹਾ ਹੈ ਅਤੇ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਨੌਜਵਾਨਾਂ ਮੁਤਾਬਕ ਉਹ ਨਵਾਂ ਸਾਲ ਮਨਾਉਣ ਲਈ 27 ਦਸੰਬਰ ਨੂੰ ਰੂਸ ਲਈ ਰਵਾਨਾ ਹੋਏ ਸਨ। ਇਨ੍ਹਾਂ ਲੋਕਾਂ ਕੋਲ ਰੂਸ ਜਾਣ ਲਈ ਵੀਜ਼ੇ ਸਨ ਜੋ 90 ਦਿਨਾਂ ਲਈ ਵੈਧ ਸਨ, ਪਰ ਫਿਰ ਉਹ ਗੁਆਂਢੀ ਦੇਸ਼ ਬੇਲਾਰੂਸ ਘੁੰਮਣ ਗਏ। ਇੱਥੇ ਇੱਕ ਏਜੰਟ ਨੇ ਸਾਨੂੰ ਬੇਲਾਰੂਸ ਲਿਜਾਣ ਦੀ ਪੇਸ਼ਕਸ਼ ਕੀਤੀ, ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਵੀਜ਼ੇ ਦੀ ਲੋੜ ਹੈ। ਜਦੋਂ ਅਸੀਂ ਬੇਲਾਰੂਸ (ਬਿਨਾਂ ਵੀਜ਼ਾ) ਗਏ ਤਾਂ ਏਜੰਟ ਨੇ ਸਾਡੇ ਤੋਂ ਹੋਰ ਪੈਸੇ ਮੰਗੇ ਅਤੇ ਫਿਰ ਸਾਨੂੰ ਛੱਡ ਦਿੱਤਾ ਤੇ ਪੁਲਿਸ ਨੇ ਸਾਨੂੰ ਰੂਸੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਸਾਡੇ ਤੋਂ ਦਸਤਾਵੇਜ਼ਾਂ ‘ਤੇ ਦਸਤਖਤ ਕਰਵਾਏ। ਨੌਜਵਾਨ ਦਾ ਦਾਅਵਾ ਹੈ ਕਿ ਹੁਣ ਉਹ (ਰੂਸ) ਸਾਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਮਜਬੂਰ ਕਰ ਰਹੇ ਹਨ।  ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਇਨ੍ਹਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਜ਼ਿਲ੍ਹੇ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਂਖਾ ਦਾ ਰਹਿਣ ਵਾਲਾ ਰਵਨੀਤ ਸਿੰਘ ਅਤੇ ਪਿੰਡ ਜੰਡੇ ਦਾ ਰਹਿਣ ਵਾਲਾ ਵਿਕਰਮ ਸਿੰਘ 11 ਲੱਖ ਰੁਪਏ ਖਰਚ ਕੇ ਰੂਸ ਗਏ ਸਨ ਪਰ ਏਜੰਟ ਉਨ੍ਹਾਂ ਨੂੰ ਧੋਖੇ ਨਾਲ ਬੇਲਾਰੂਸ ਲੈ ਗਏ। ਦੋਵਾਂ ਦੇ ਪਰਿਵਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਪੀੜਤ ਰਵਨੀਤ ਸਿੰਘ ਦੀ ਭੈਣ ਨਵਦੀਪ ਕੌਰ ਅਤੇ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦਾ ਫੋਨ ਆਇਆ ਸੀ ਕਿ ਉਹ ਬੇਲਾਰੂਸ ‘ਚ ਫੜਿਆ ਗਿਆ ਹੈ ਅਤੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ‘ਚ ਭਰਤੀ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ ਯੂਕਰੇਨ ਵਿੱਚ ਜੰਗ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀੜਤਾਂ ਨੇ ਇਸ ਸਬੰਧੀ ਟਵਿੱਟਰ ‘ਤੇ ਇੱਕ ਵੀਡੀਓ ਵੀ ਪਾਈ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਕੁਝ ਨੌਜਵਾਨ ਵੀ ਉੱਥੇ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਵੀਡੀਓ ‘ਚ ਇਹ ਸਾਰੇ ਲੋਕ ਫੌਜ ਦੀ ਵਰਦੀ ਪਹਿਨੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਗਗਨਦੀਪ ਸਿੰਘ ਨਾਂ ਦਾ ਨੌਜਵਾਨ ਆਪਣਾ ਪੂਰਾ ਦਰਦ ਬਿਆਨ ਕਰ ਰਿਹਾ ਹੈ।