ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹੈ: ਜੈਵੀਰ ਸ਼ੇਰਗਿੱਲ

  • ਹਿੰਡਨ ਤੋਂ ਅਦਮਪੁਰ ਲਈ ਸ਼ੁਰੂ ਹੋਈ ਪਹਿਲੀ ਫਲਾਈਟ ਰਾਹੀ ਪਹੁੰਚੇ ਸ਼ੇਰਗਿੱਲ

ਆਦਮਪੁਰ, 31 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।  ਇਹ ਸ਼ਬਦ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅੱਜ ਦਿੱਲੀ ਐਨ.ਸੀ.ਆਰ. ਹਿੰਡਨ ਤੋਂ ਆਦਮਪੁਰ ਲਈ ਰਵਾਨਾ ਹੋਈ ਪਹਿਲੀ ਉਡਾਣ ਰਾਹੀਂ ਆਦਮਪੁਰ ਪਹੁੰਚਣ ਉਪਰੰਤ ਕਹੇ। ਇਸ ਮੌਕੇ ਸ਼ੇਰਗਿੱਲ ਨੇ ਦੱਸਿਆ ਕਿ ਦਿੱਲੀ ਐਨ.ਸੀ.ਆਰ. ਹਿੰਡਨ ਤੋਂ ਆਦਮਪੁਰ ਲਈ ਉਡਾਣ ਸ਼ੁਰੂ ਹੋਣ ਨਾਲ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੋਣ ਦੇ ਨਾਲ–ਨਾਲ ਪੰਜਾਬ ਦੇ ਵਸਨੀਕਾਂ ਖਾਸ ਕਰਕੇ ਦੋਆਬਾ–ਜਲੰਧਰ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ। ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਉਡਾਣ ਨੂੰ ਸ਼ੁਰੂ ਕਰਨ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।  ਭਾਜਪਾ ਬੁਲਾਰੇ ਨੇ ਖੁਲਾਸਾ ਕੀਤਾ ਕਿ ਆਦਮਪੁਰ ਹਵਾਈ ਅੱਡੇ ‘ਤੇ ਨਵਾਂ ਟਰਮੀਨਲ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇੱਥੋਂ ਹਵਾਈ ਆਵਾਜਾਈ ਬਹੁਤ ਵਧੀਆ ਹੋਵੇਗੀ। ਸ਼ੇਰਗਿੱਲ ਨੇ ਦੱਸਿਆ ਕਿ ਲੋਕਾਂ ਦੀ ਪੁਰਜ਼ੋਰ ਮੰਗ ਦੇ ਮੱਦੇਨਜ਼ਰ ਉਨ੍ਹਾਂ ਨੇ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਪਹਿਲਕਦਮੀ ਵੀ ਕੀਤੀ ਸੀ ਅਤੇ ਦੋ–ਤਿੰਨ ਵਾਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੇ.ਐਮ ਸਿੰਧੀਆ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਉਡਾਣ ਦੀ ਸ਼ੁਰੂਆਤ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ, ਜੋ ਕਿ ਪੰਜਾਬ ਦੇ ਹਵਾਬਾਜ਼ੀ ਖੇਤਰ ਦੇ ਵਿਕਾਸ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਮੰਗ ‘ਤੇ ਵਿਚਾਰ ਕਰਨ ਅਤੇ ਇਸਨੂੰ ਜਲਦੀ ਸੰਭਵ ਬਣਾਉਣ ਲਈ ਸਿੰਧੀਆ ਦਾ ਧੰਨਵਾਦ ਕੀਤਾ। ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਆਦਮਪੁਰ ਤੋਂ ਦਿੱਲੀ ਤੱਕ ਦੇ ਸਫਰ ਦੀ ਸਹੂਲਤ ਹੋਵੇਗੀ, ਸਗੋਂ ਆਦਮਪੁਰ ਤੋਂ ਨਾਂਦੇੜ ਸਾਹਿਬ, ਬੈਂਗਲੁਰੂ, ਮੁੰਬਈ ਅਤੇ ਜੈਪੁਰ ਵਿਚਕਾਰ ਸੰਪਰਕ ਸਥਾਪਿਤ ਹੋਵੇਗਾ।  ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਕਿਉਂਕਿ ਇਹ ਵਪਾਰੀਆਂ, ਸੈਰ ਸਪਾਟਾ ਖੇਤਰ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਣ ਦੇ ਚਾਹਵਾਨ ਸ਼ਰਧਾਲੂਆਂ ਲਈ ਬੇਹੱਦ ਸਹਾਈ ਹੋਵੇਗਾ।  ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਸਮੇਤ 12 ਨਵੇਂ ਟਰਮੀਨਲ ਇਮਾਰਤਾਂ ਦਾ ਉਦਘਾਟਨ ਕੀਤਾ ਸੀ।