ਬਲਾਚੌਰ ‘ਚ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਗੈਂਗਸਟਰ ਗੋਪੀ ਨੇ ਲਈ ਜ਼ਿੰਮੇਵਾਰੀ

ਬਲਾਚੌਰ, 4 ਅਪ੍ਰੈਲ : ਨਵਾਂਸ਼ਹਿਰ ਦੇ ਬਲਾਚੌਰ ‘ਚ ਬੀਤੀ ਦੇਰ ਸ਼ਾਮ ਮੋਟਰਸਾਈਕਲ ਸਵਾਰਾਂ ਨੇ ਬੱਬਰ ਖਾਲਸਾ ਟਾਈਗਰ ਫੋਰਸ ਦੇ ਮੈਂਬਰ ਰਤਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।। ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਰਤਨਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਬਲਾਚੌਰ ਮੇਨ ਰੋਡ ’ਤੇ ਇੱਕ ਹਸਪਤਾਲ ਦੇ ਨੇੜੇ ਇੱਕ ਢਾਬੇ ਕੋਲ ਖੜ੍ਹਾ ਸੀ, ਜਦੋਂ ਇੱਕ ਨੌਜਵਾਨ ਮੋਟਰਸਾਈਕਲ ’ਤੇ ਆਇਆ ਅਤੇ ਉਸ ਦੇ ਆਉਂਦੇ ਹੀ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇਰ ਰਾਤ ਤੱਕ ਮਾਮਲੇ ‘ਤੇ ਕਾਰਵਾਈ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਸਮੇਂ ਪੁਲਿਸ ਵੱਲੋਂ ਰਤਨਦੀਪ ਸਿੰਘ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਰਤਨਦੀਪ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਬਲਾਚੌਰ ਵਿਖੇ ਕਿਸੇ ਕੰਮ ਲਈ ਆਇਆ ਹੋਇਆ ਸੀ। ਉਸ ਖ਼ਿਲਾਫ਼ ਕਈ ਕੇਸ ਦਰਜ ਸਨ ਅਤੇ ਪੁਲਿਸ ਨੇ ਉਸ ਨੂੰ 2014 ਵਿੱਚ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ 2019 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਚੰਡੀਗੜ੍ਹ ਵਿੱਚ 1999 ਵਿੱਚ ਉਹ ਪਾਸਪੋਰਟ ਦਫ਼ਤਰ ਨੇੜੇ ਹੋਏ ਬੰਬ ਧਮਾਕਿਆਂ ਅਤੇ ਪਾਣੀਪਤ ਵਿੱਚ ਰੇਲਵੇ ਪੁਲ ਉੱਤੇ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ।

ਰਤਨਦੀਪ ਸਿੰਘ ਕੌਣ ਸੀ?
ਰਤਨਦੀਪ ਸਿੰਘ ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਸੀ। ਇਕ ਸਮੇਂ ਭਾਰਤੀ ਏਜੰਸੀਆਂ ਨੇ ਰਤਨਦੀਪ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲੀਸ ਨੇ ਰਤਨਦੀਪ ਨੂੰ ਸਾਲ 2014 ਵਿੱਚ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਸਮੇਂ ਉਹ ਕਿਸੇ ਕੰਮ ਲਈ ਆਪਣੇ ਘਰ ਆਇਆ ਹੋਇਆ ਸੀ। ਰਤਨਦੀਪ 2019 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਸ਼ਾਂਤਮਈ ਜੀਵਨ ਬਤੀਤ ਕਰ ਰਿਹਾ ਸੀ। 

ਗੈਂਗਸਟਰ ਗੋਪੀ ਲਈ ਜ਼ਿੰਮੇਵਾਰੀ
ਇਸ ਘਟਨਾ ਦੀ ਜ਼ਿੰਮੇਵਾਰੀ ਨਵਾਂਸ਼ਹਿਰ ਦੇ ਬਦਨਾਮ ਗੈਂਗਸਟਰ ਗੋਪੀ ਨਵਾਂਸ਼ਹਿਰ ਨੇ ਲਈ ਹੈ। ਇਸ ਨੂੰ ਲੈ ਕੇ ਗੋਪੀ ਨੇ ਇੱਕ ਪੋਸਟ ਵੀ ਪਾਈ ਹੈ। ਗੋਪੀ ਨੇ ਲਿਖਿਆ- ਤੂੰ ਕਈ ਮਾਵਾਂ ਦੇ ਬੱਚੇ ਮਰਵਾਏ ਅਤੇ ਕਈਆਂ ਨਾਲ ਠੱਗੀ ਮਾਰੀ। ਇਸੇ ਲਈ ਤੈਨੂੰ ਨਰਕ ਵਿੱਚ ਭੇਜਿਆ ਹੈ। ਹੁਣ ਤੇਰੇ ਦੋਸਤਾਂ ਦੀ ਵਾਰੀ ਹੈ।