ਲੋਕ ਸਭਾ ਚੋਣਾਂ-2024, ਜ਼ਿਲ੍ਹਾ ਚੋਣ ਅਫਸਰ ਵਲੋਂ ਚੋਣ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ

  • ਅਮਨ-ਕਾਨੂੰਨ ਵਿਵਸਥਾ, ਸ਼ਰਾਬ ਸਪਲਾਈ ਅਤੇ ਲਾਹਣ ਕੱਢਣ ਵਾਲਿਆਂ ’ਤੇ ਪੈਨੀ ਨਜ਼ਰ ਰੱਖੀ ਜਾਵੇ
  • ਏ.ਆਰ.ਓਜ਼ ਤੇ ਚੋਣ ਪ੍ਰਕਿਰਿਆ ’ਚ ਸ਼ਾਮਲ ਨੋਡਲ ਅਧਿਕਾਰੀਆਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਤੇ ਤਿਆਰੀਆਂ ਦਾ ਲਿਆ ਜਾਇਜ਼ਾ

ਕਪੂਰਥਲਾ, 1 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਲੋਕ ਸਭਾ ਚੋਣਾਂ-2024 ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੇ ਮੱਦੇਨਜਰ ਹਰ ਪੱਖੋਂ ਢੁੱਕਵੇਂ ਪ੍ਰਬੰਧ ਅਮਲ ਵਿਚ ਲਿਆਂਦੇ ਜਾਣ। ਐਸ.ਐਸ.ਪੀ. ਵਤਸਲਾ ਗੁਪਤਾ ਸਮੇਤ ਸਾਰੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਚੋਣ ਪ੍ਰਕਿਰਿਆ ’ਚ ਸ਼ਾਮਲ ਨੋਡਲ ਅਫਸਰਾਂ ਨਾਲ ਚੋਣ ਤਿਆਰੀਆਂ ਬਾਰੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਵੇਚਣ ਅਤੇ ਲਾਹਣ ਕੱਢਣ ਵਾਲਿਆਂ ’ਤੇ ਵੀ ਪੈਨੀ ਨਜ਼ਰ ਰੱਖਦਿਆਂ ਜੇਕਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਅਜਿਹੇ ਮਾਮਲਿਆਂ ’ਚ ਤੁਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਸਬ-ਡਵੀਜ਼ਨਾਂ ਵਿਚ ਸ਼ਰਾਰਤੀ ਅਤੇ ਭੈੜੇ ਅਨਸਰਾਂ ’ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਵੇ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਬਿਨ੍ਹਾਂ ਕਿਸੇ ਅੜਚਣ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਸਬ-ਡਵੀਜ਼ਨਾਂ ਵਿਚ ਪੈਰਾਮਿਲਟਰੀ ਫੋਰਸ ਦੇ ਨਾਲ ਲੋਕਲ ਪੁਲਿਸ ਵਲੋਂ ਚੈਕਿੰਗ ਵਧਾਈ ਜਾਵੇ ਤਾਂ ਕਿ ਕਿਸੇ ਵੀ ਸ਼ੱਕੀ ਜਾਂ ਸਮਾਜ ਵਿਰੋਧੀ ਸਰਗਰਮੀ ’ਤੇ ਫੌਰੀ ਕਾਰਵਾਈ ਕੀਤੀ ਜਾ ਸਕੇ। ਮੀਟਿੰਗ ਵਿਚ ਦੱਸਿਆ ਗਿਆ ਕਿ ਹਰ ਸਬ-ਡਵੀਜ਼ਨ ਵਿਚ 9 ਟੀਮਾਂ 3 ਸ਼ਿਫਟਾਂ ਵਿਚ ਲਗਾਤਾਰ ਕਾਰਜ਼ਸ਼ੀਲ ਹਨ। ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਾਬ ਸਪਲਾਈ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਟੀਮਾਂ ਵਲੋਂ ਹੁਣ ਤੱਕ ਜ਼ਿਲ੍ਹੇ ਵਿਚ 15,612 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ। ਐਸ.ਐਸ.ਪੀ ਵਤਸਲਾ ਗੁਪਤਾ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਲਾਅ ਐਂਡ ਆਰਡਰ ਹਰ ਹਾਲ ਬਰਕਰਾਰ ਰੱਖਿਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਪਿਤ ਸ਼ਿਕਾਇਤ ਸੈੱਲ ਅਤੇ 1950 ਵੋਟਰ ਹੈੱਲਪਲਾਈਨ ਦੀ ਕਾਰਗੁਜਾਰੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ-ਵਿਜਲ ਐਪ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾ ਕੇ ਰਿਪੋਰਟ ਭੇਜੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਲੋੜੀਂਦੇ ਪੋਲਿੰਗ ਸਟਾਫ਼, ਟ੍ਰੇਨਿੰਗ ਪ੍ਰੋਗਰਾਮ, ਮਟੀਰੀਅਲ ਸਪਲਾਈ ਅਤੇ ਕਪੂਰਥਲਾ ਵਿਖੇ ਬਨਣ ਵਾਲੇ ਗਿਣਤੀ ਕੇਂਦਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਹਨ ਅਤੇ ਫਗਵਾੜਾ ਤੇ ਭੁਲੱਥ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਹਿੱਸਾ ਹਨ। ਕਪੂਰਥਲਾ ਤੇ ਸੁਲਤਾਨਪੁਰ ਲੋਧੀ ਹਲਕਿਆਂ ਦੀ ਗਿਣਤੀ ਕਪੂਰਥਲਾ ਵਿਖੇ ਹੋਵੇਗੀ ਜਦਕਿ ਫਗਵਾੜਾ ਤੇ ਭੁਲੱਥ ਦੀਆਂ ਵੋਟਾਂ ਦੀ ਗਿਣਤੀ ਹੁਸ਼ਿਆਰਪੁਰ ਵਿਖੇ ਹੋਵੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲ਼ਾਵਾ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸ.ਪੀ. (ਡੀ) ਸਰਬਜੀਤ ਰਾਏ, ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ, ਐਸ.ਪੀ (ਹੈੱਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮਜ਼, ਡੀ.ਐਸ.ਪੀਜ਼, ਨੋਡਲ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਿਤ ਅਧਿਕਾਰੀ ਮੌਜੂਦ ਸਨ।