ਕਮਜ਼ੋਰੀਆਂ ਦੀ ਪਹਿਚਾਣ ਕਰਕੇ ਸੁਧਾਰ ਕੀਤਾ ਜਾਵੇ ਤਾਂ ਸਫਲਤਾ ਚੁੰਮਦੀ ਹੈ ਕਦਮ : ਕੋਮਲ ਮਿੱਤਲ

  • ਡਿਪਟੀ ਕਮਿਸ਼ਨਰ ਨੇ ‘ਇਸਰੋ’ ਲਈ ਯੁਵਿਕਾ ਪ੍ਰੋਗਰਾਮ ਲਈ ਚੁਣੀ ਗਈ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕਰਕੇ ਵਧਾਇਆ ਹੌਸਲਾ
  • ਵਿਦਿਆਰਥਣਾਂ ਦੇ ਰੋਸ਼ਨ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
  • ਕਿਹਾ, ਭਵਿੱਖ ਵਿਚ ਕਿਸੇ ਵੀ ਖੇਤਰ ਵਿਚ ਜਾਓ, ਪਰੰਤੂ ਚੰਗੇ ਨਾਗਰਿਕ ਬਣ ਕੇ  ਸਮਾਜ ਲਈ ਕੁਝ ਨਾ ਕੁਝ ਜ਼ਰੂਰ ਕਰੋ

ਹੁਸ਼ਿਆਰਪੁਰ, 2 ਅਪ੍ਰੈਲ : ਸੁਪਨੇ ਜ਼ਰੂਰ ਦੇਖੋ ਅਤੇ ਉਨ੍ਹਾਂ ਨੂੰ ਹਕੀਕਤ ਵਿਚ ਬਦਲਣ ਲਈ ਜਾਨ ਨਾਲ ਮਿਹਨਤ ਕਰੋ, ਆਪਣੀ ਕਮਜ਼ੋਰੀਆਂ ਨੂੰ ਪਹਿਚਾਣੋ ਅਤੇ ਉਨ੍ਹਾਂ ਵਿਚ ਸੁਧਾਰ ਕਰਕੇ ਉਸ ਕੰਮ ਵਿਚ ਮੁਹਾਰਤ ਹਾਸਲ ਕਰੋ। ਜਿਸ ਦਿਨ ਇਸ ਦਿਸ਼ਾ ਵਿਚ ਤੁਸੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਹ ਵਿਚਾਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਯੁਵਿਕਾ ਪ੍ਰੋਗਰਾਮ ਵਿਚ ਟ੍ਰੇਨਿੰਗ ਲਈ ਚੁਣੀਆਂ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੀਆਂ ਦੋ ਵਿਦਿਆਰਥਣਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਅੱਜ ਉਨ੍ਹਾਂ ਆਪਣੇ ਦਫ਼ਤਰ ਵਿਚ ‘ਇਸਰੋ’ ਵਿਚ ਨੌਜਵਾਨ ਵਿਗਿਆਨੀ ਪ੍ਰੋਗਰਾਮ (ਯੁਵਿਕਾ-2024) ਟ੍ਰੇਨਿੰਗ ਲਈ ਚੁਣੇ ਜਾਣ ’ਤੇ ਵਿਦਿਆਰਥਣਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵੀ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਅਤੇ ਕਈ ਨਵੀਨ ਅਤੇ ਸਹਿਜ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ) ਵਿਚ ਅੱਗੇ ਵਧਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਦਿਮਾਗਾਂ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ ਆਯੋਜਿਤ ਯੁਵਿਕਾ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੁਣਖੁਣ ਦੀ ਨੌਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਅਤੇ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਪੂਰੇ ਭਾਰਤ ਵਿਚੋਂ ਚੁਣੇ ਗਏ 350 ਵਿਦਿਆਰਥੀਆਂ ਵਿਚ ਆਪਣਾ ਸਥਾਨ ਬਣਾਇਆ ਹੈ। ਕੋਮਲ ਮਿੱਤਲ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਬੱਚੇ ਪਹਿਲਾਂ ਵੀ ਰਾਸ਼ਟਰੀ ਪੱਧਰ ’ਤੇ ਆਪਣਾ ਸਥਾਨ ਬਣਾ ਚੁੱਕੇ ਹਨ ਅਤੇ ਵਿਗਿਆਨ ਦੇ ਵਿਸ਼ੇ ਵਿਚ ਬੱਚਿਆਂ ਦੀ ਮੁਹਾਰਤ ਆਪਣੇ ਆਪ ਵਿਚ ਦੂਸਰਿਆਂ ਲਈ ਇਕ ਉਦਾਹਰਨ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਸਕੂਲਾਂ ਦੀਆਂ ਵਿਦਿਆਥਣਾਂ ਨੂੰ ਇਸਰੋ ਦੁਆਰਾ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੁਣੇ ਵਿਦਿਆਰਥੀਆਂ ਵਿਚੋਂ ਆਪਣਾ ਸਥਾਨ ਬਣਾਉਣਾ ਅਸਲ ਵਿਚ ਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗਾਈਡ ਅਧਿਆਪਕ ਦੇ ਨਾਲ-ਨਾਲ ਦੂਸਰੇ ਸਟਾਫ ਮੈਂਬਰਾਂ ਨੇ ਵੀ ਉਨ੍ਹਾਂ ਦੀ ਸਫਲਤਾ ਵਿਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਲੀਨ ਅਤੇ ਅਰਸ਼ਪ੍ਰੀਤ ਦੀ ਇਸ ਸਫਲਤਾ ਨਾਲ ਦੂਸਰੇ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਵਿਚ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਹੁਣ ਵਿਦਿਆਰਥੀਆਂ ਤੋਂ ਵਰਕਿੰਗ ਮਾਡਲ ਆਦਿ ਬਣਵਾਏ ਜਾਣ ਲੱਗੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਰੁਚੀ ਵਿਗਿਆਨ ਵਿਸ਼ੇ ਅਤੇ ਇਸਦੇ ਪ੍ਰਯੋਗਾਂ ਵਿਚ ਵਧ ਰਹੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਭਵਿੱਖ ਵਿਚ ਕਿਸੇ ਵੀ ਖੇਤਰ ਵਿਚ ਜਾਣ, ਪਰ ਚੰਗੇ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਮਾਜ ਲਈ ਕੁਝ ਨਾ ਕੁਝ ਜ਼ਰੂਰ ਕਰਨ। ਇਸ ਮੌਕੇ ਸਹਾਇਕ ਕਮਿਸ਼ਨ ਦਿਵਿਆ ਪੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਿੰਦਰਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ, ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੁਣਖੁਣ ਦੀ ਮੁੱਖ ਅਧਿਆਪਕਾ ਸਮਰਿਤੂ ਰਾਣਾ ਅਤੇ ਗਾਈਡ ਅਧਿਆਪਕਾ ਪਵਨ ਚੌਧਰੀ, ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੇ ਇੰਚਾਰਜ ਮੁੱਖ ਅਧਿਆਪਕ ਸਤਪਾਲ ਅਤੇ ਗਾਈਡ ਅਧਿਆਪਕ ਅਮਨਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ।