ਫ਼ਸਲਾਂ 'ਤੇ ਕੀੜੇ-ਮਕੌੜਿਆਂ ਦੇ ਹਮਲੇ ਸਬੰਧੀ ਵਿਭਾਗ ਨਾਲ ਰਾਬਤਾ ਕਾਇਮ ਕਰਨ ਕਿਸਾਨ : ਡਾ. ਰਾਜ ਕੁਮਾਰ 

ਨਵਾਂਸ਼ਹਿਰ, 21 ਫਰਵਰੀ 2025 : ਬਲਾਕ ਖੇਤੀਬਾੜੀ ਅਫ਼ਸਰ ਨਵਾਂਸ਼ਹਿਰ ਡਾ. ਰਾਜ ਕੁਮਾਰ ਨੇ ਕਿਹਾ ਹੈ ਕਿ ਬੀਤੀ ਰਾਤ ਹੋਈ ਵਰਖਾ ਕਣਕ ਸਮੇਤ ਹੋਰਨਾਂ ਫ਼ਸਲਾਂ ਲਈ ਘਿਓ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਹਾੜ੍ਹੀ ਦੀਆਂ ਫ਼ਸਲਾਂ 'ਤੇ ਕੀੜੇ-ਮਕੌੜੇ ਜਾਂ ਬਿਮਾਰੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜਿਪਸਮ ਉਪਲਬੱਧ ਹੈ। ਜੋ ਕਿਸਾਨਾਂ ਨੂੰ 205 ਰੁਪਏ ਪ੍ਰਤੀ 50 ਕਿਲੋ ਬੈਗ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੀ. ਐਮ ਸਨਮਾਨ ਨਿਧੀ ਯੋਜਨਾ ਤਹਿਤ ਕਿਸੇ ਵੀ ਕਿਸਾਨ ਦਾ ਜ਼ਮੀਨ ਦਾ ਰਿਕਾਰਡ (ਲੈਂਡ ਸੀਡਿੰਗ) ਪੋਰਟਲ 'ਤੇ ਚੜ੍ਹਾਉਣ ਤੋਂ ਰਹਿੰਦਾ ਹੋਵੇ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਵਿਕਾਸ ਅਫ਼ਸਰ ਨਵਾਂਸ਼ਹਿਰ ਡਾ. ਕੁਲਦੀਪ ਸਿੰਘ, ਖੇਤੀਬਾੜੀ ਸਬ ਇੰਸਪੈਕਟਰ ਸਰਬਜੀਤ ਸਿੰਘ ਤੇ ਇੰਜ: ਚੰਦਨ ਸ਼ਰਮਾ ਹਾਜ਼ਰ ਸਨ।