![](/sites/default/files/2025-02/32_4.jpg)
ਜਲੰਧਰ 11- ਫਰਵਰੀ (ਭੁਪਿੰਦਰ ਸਿੰਘ ਧਨੇਰ) : ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ ਅਤੇ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਨੇ ਪੰਜਾਬ ਵਾਸੀਆਂ ਨੂੰ ਨੌਕਰੀਆਂ ਵਿੱਚ ਰਾਖਵਾਂ ਕਰਨ ਦੇਣ ਦੀ ਮੰਗ ਉੱਪਰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਵਾਸੀਆਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਗਈ ਹੈ। ਜਦਕਿ ਕੁਝ ਲੋਕਾਂ ਵੱਲੋਂ ਇਸ ਮੰਗ ਨੂੰ ਪ੍ਰਵਾਸੀ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਗਰਦਾਨਿਆ ਹੈ।ਪੰਜਾਬ ਵਾਸੀ ਕੌਣ ਹੈ ਤਾਂ ਜਥੇਬੰਦੀ ਨੇ ਸਪੱਸ਼ਟ ਕਰਦਿਆ ਕਿਹਾ ਕਿ ਦੂਸਰੇ ਸੂਬਿਆਂ ਤੋਂ ਆਇਆ ਕੋਈ ਵੀ ਵਿਅਕਤੀ ਜੋ ਪੰਜਾਬ ਦਾ ਵਸਨੀਕ ਬਣ ਚੁੱਕਿਆ ਹੈ ਜਾਂ ਇੱਥੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ, ਉਹ ਪੰਜਾਬ ਦਾ ਵਾਸੀ ਹੈ ਅਤੇ ਜਥੇਬੰਦੀ ਉਹਨਾਂ ਨੂੰ ਪੰਜਾਬ ਦਾ ਵਸਨੀਕ ਮੰਨਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਅਤੇ ਪੰਜਾਬ ਵਾਸੀ ਦੋਨੋਂ ਹੀ ਅਲੱਗ-ਅਲੱਗ ਸੰਕਲਪ ਹਨ ।ਕਈ ਲੋਕ ਇਸ ਮੰਗ ਨੂੰ ਸਮਝਣ ਵਿੱਚ ਰਲਗੱਡ ਕਰ ਰਹੇ ਹਨ । ਪੰਜਾਬ ਵਾਸੀਆਂ ਦੀ ਮੰਗ ਨੂੰ ਸਿਰਫ ਪੰਜਾਬੀਆਂ ਲਈ ਬਣਾਕੇ ਪੇਸ਼ ਕਰ ਰਹੇ ਹਨ । ਪਰਵਾਸੀਆਂ ਦੇ ਹੱਕ ਵਿੱਚ ਪੀਐਸਯੂ ਪਹਿਲਾਂ ਖੜਦੀ ਆਈ ਹੈ ਤੇ ਅੱਗੇ ਤੋਂ ਖੜਦੀ ਰਹੇਗੀ ।ਸਾਡੀ ਮੰਗ ਸਿਰਫ ਪੰਜਾਬੀਆਂ ਲਈ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਨਹੀਂ ਬਲਕਿ ਪੰਜਾਬ ਵਾਸੀਆਂ ਲਈ ਰਾਖਵੇਂਕਰਨ ਦੀ ਹੈ। ਇਸ ਮੰਗ ਦਾ ਦੂਸਰਾ ਪਹਿਲੂ ਕੇਂਦਰ ਬਨਾਮ ਸੂਬਿਆਂ ਦੀ ਤਿੱਖੀ ਹੋ ਰਹੀ ਵਿਰੋਧਤਾਈ ਵਿੱਚੋਂ ਉਭਰ ਰਹੀਆਂ ਫੈਡਰਲ ਭਾਵਨਾਵਾਂ ਨੂੰ ਫਾਸ਼ੀਵਾਦ ਖਿਲਾਫ ਸੇਧਿਤ ਕਰਨਾ ਹੈ ।ਇਸ ਮੰਗ ਦਾ ਆਧਾਰ ਫੈਡਰਲ ਹੈ। ਇਸ ਸੰਬੰਧੀ ਪੀਐਸਯੂ ਨੇ ਕਨਵੈਨਸ਼ਨ ਵਿੱਚ ਆਪਣੀ ਸਮਝ ਨੂੰ ਸਪੱਸ਼ਟ ਕਰਦਾ ਪਰਚਾ ਵੀ ਜਾਰੀ ਕੀਤਾ।