
ਹੁਸ਼ਿਆਰਪੁਰ, 21 ਅਪ੍ਰੈਲ 2025 : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 11 ਸਥਿਤ ਨਿਊ ਸਿਵਲ ਲਾਈਨ ਦੀਆਂ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਵਚਨਬੱਧ ਹੈ। ਪ੍ਰੋਗਰਾਮ ਦੌਰਾਨ ਵਿਧਾਇਕ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮਾਂ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਹਰ ਮੁਹੱਲੇ, ਹਰ ਗਲੀ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚੇ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 11 ਵਿਚ ਗਲੀਆਂ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਜਿਸ ਨਾਲ ਹਲਕਾ ਵਾਸੀਆਂ ਨੂੰ ਬਰਸਾਤ ਦੇ ਦਿਨਾਂ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਨਿਜਾ਼ਤ ਮਿਲੇਗੀ ਅਤੇ ਆਵਾਜਾਈ ਸੁਚਾਰੂ ਹੋਵੇਗੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਕੰਮ ਦੀ ਗੁਣਵੱਤਾ ਅਤੇ ਸਮੇਂਬੱਧ ਢੰਗ ਵਿਚ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਜਿੰਪਾ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਬਾਕੀ ਹਲਕਿਆਂ ਵਿਚ ਵੀ ਜ਼ਰੂਰਤ ਅਨੁਸਾਰ ਵਿਕਾਸ ਕੰਮ ਜਲਦ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਘੋਸ਼ਣਾਵਾਂ ਕਰਨਾ ਨਹੀਂ ਬਲਕਿ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਦਿਖਾਉਣੇ ਹਨ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਾਬਕਾ ਨਗਰ ਕੌਂਸਲ ਪ੍ਰਧਾਨ ਅਜੇ ਮੋਹਨ ਬੱਬੀ ਵੀ ਮੌਜੂਦ ਸਨ।