ਕਪੂਰਥਲਾ ਚ ਨਾਜਾਇਜ਼ ਮਾਈਨਿੰਗ ਦੇ ਖਿਲਾਫ ਵੱਡੀ ਕਾਰਵਾਈ, 1 ਪੋਕਲੇਨ ਮਸ਼ੀਨ ਤੇ 2 ਟਿੱਪਰ ਜਬਤ

ਕਪੂਰਥਲਾ 22 ਜੂਨ 2024 : ਕਪੂਰਥਲਾ ਜਿਲੇ ਦੇ ਪਿੰਡ ਮਿਆਣੀ ਮੱਲਾ ਨਜ਼ਦੀਕ ਨਜਾਇਜ਼ ਮਾਈਨਿੰਗ ਦੇ ਇੱਕ ਮਾਮਲੇ ਦੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਐਸਡੀਓ ਕਰਨ ਸਿੰਘ ਦੇ ਹੁਕਮਾਂ ਤੇ ਮਾਈਨਿੰਗ ਇੰਸਪੈਕਟਰ ਬਿਕਰਮ ਸਿੰਘ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੇ ਵਿੱਚ ਵਿਭਾਗ ਦੀ ਟੀਮ ਨੇ ਇੱਕ ਪੋਕਲੇਨ ਮਸ਼ੀਨ ਰੇਤ ਨਾਲ ਭਰੇ ਹੋਏ ਦੋ ਟਿੱਪਰ ਇੱਕ ਟਰੈਕਟਰ ਅਤੇ ਟਰਾਲੀ ਨੂੰ ਜ਼ਬਤ ਕੀਤਾ ਹੈ। ਮਾਈਨਿੰਗ ਵਿਭਾਗ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮਸ਼ੀਨ ਦੇ ਮਾਲਕ ਡਰਾਈਵਰ ਅਤੇ ਜਮੀਨ ਦੇ ਮਾਲਕ ਦੇ ਖਿਲਾਫ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ . ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਉਦੋਂ ਕੀਤੀ ਗਈ ਜਦੋਂ ਨਜਾਇਜ਼ ਮਾਈਨਿੰਗ ਚੱਲ ਰਹੀ ਸੀ। ਮਾਈਨਿੰਗ ਵਿਭਾਗ ਦੀ ਟੀਮ ਪੁਲਿਸ ਦੇ ਨਾਲ ਮੌਕੇ ਤੇ ਪਹੁੰਚੀ ਜਿੱਥੇ ਬੇਖੌਫ ਹੋ ਕੇ ਪੋਕਲੇਨ ਮਸ਼ੀਨ ਦੀ ਮਦਦ ਦੇ ਨਾਲ ਰੇਤਾ ਟਰਾਲੀਆਂ ਅਤੇ ਟਿੱਪਰਾਂ ਦੇ ਵਿੱਚ ਭਰਿਆ ਜਾ ਰਿਹਾ ਸੀ। ਪੁਲਿਸ ਅਤੇ ਮਾਈਨਿੰਗ ਇੰਸਪੈਕਟਰ ਨੂੰ ਆਉਂਦਿਆਂ ਦੇਖ ਦੋਸ਼ੀ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਟੀਮ ਵੱਲੋਂ ਰੇਤੇ ਨਾਲ ਭਰੇ ਹੋਏ ਟਿੱਪਰ ਅਤੇ ਟਰਾਲੀਆਂ ਅਤੇ ਪੋਕਲੇ ਮਸ਼ੀਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਦੋਵੇਂ ਟਿੱਪਰ ਰੇਤ ਦੇ ਨਾਲ ਭਰੇ ਹੋਏ ਸਨ। ਇਸੇ ਤਰ੍ਹਾਂ ਟਰਾਲੀਆਂ ਵੀ ਰੇਤ ਦੇ ਨਾਲ ਭਰੀਆਂ ਹੋਈਆਂ ਸਨ ਮਾਈਨਿੰਗ ਤੋਂ ਬਾਅਦ ਇਹ ਰੇਤ ਮੰਡੀ ਦੇ ਵਿੱਚ ਵੇਚੀ ਜਾਣੀ ਸੀ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ, ਮਾਮਲੇ ਦੀ ਸੂਚਨਾ ਥਾਣਾ ਤਲਵੰਡੀ ਚੌਧਰੀਆਂ ਨੂੰ ਦੇ ਦਿੱਤੀ ਗਈ ਹੈ, ਅਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।