13 ਸੀਟਾਂ ਤੇ ਇਕੱਲੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ : ਬੈਨੀਵਾਲ 

ਜਲੰਧਰ 22 ਮਾਰਚ : ਬਹੁਜਨ ਸਮਾਜ ਪਾਰਟੀ ਦੀ ਅੱਜ ਜਲੰਧਰ ਵਿਖੇ ਸੰਸਦੀ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਜਿਸ ਵਿੱਚ 13 ਲੋਕ ਸਭਾ ਦੀ ਲੀਡਰਸ਼ਿਪ ਨਾਲ ਪਾਰਲੀਮੈਂਟ ਵਾਈਜ ਮੀਟਿੰਗ ਕੀਤੀ। ਇਸ ਮੌਕੇ ਹਰੇਕ ਲੋਕ ਸਭਾ ਦੇ ਚਾਰ ਤੋਂ ਪੰਜ ਉਮੀਦਵਾਰਾਂ ਦੇ ਪੈਨਲ ਨੂੰ ਲੀਡਰਸ਼ਿਪ ਨਾਲ ਮੰਥਨ ਕੀਤਾ ਗਿਆ। ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਹਾਜ਼ਰ ਸਨ। ਬੈਨੀਵਾਲ ਨੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ ਸੁਨੇਹਾ ਪਾਰਟੀ ਵਰਕਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ 13 ਲੋਕ ਸਭਾ ਸੀਟਾਂ ਤੇ ਇਕੱਲੀ ਚੋਣ ਲੜੇਗੀ। ਹਰ ਲੋਕ ਸਭਾ ਸੀਟ ਤੋਂ ਪੈਨਲ ਕੀਤੇ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਵਿਸਥਾਰ ਨਾਲ ਪਾਰਟੀ ਲੀਡਰਸ਼ਿਪ ਨਾਲ ਚਰਚਾ ਕੀਤੀ ਅਤੇ 31 ਮਾਰਚ ਤੱਕ ਪਾਰਟੀ ਲੀਡਰਸ਼ਿਪ ਨੂੰ ਪੈਨਲ ਦੇ ਨਾਵਾਂ ਵਿੱਚੋਂ ਇੱਕ ਉਮੀਦਵਾਰ ਤੇ ਆਮ ਰਾਏ ਬਣਾਉਣ ਦਾ ਸਮਾਂ ਦਿੱਤਾ। ਹਾਲਾਂਕਿ ਇਸ ਮੌਕੇ ਬਹੁਗਿਣਤੀ ਲੋਕ ਸਭਾਵਾਂ ਦੀ ਲੀਡਰਸ਼ਿਪ ਨੇ ਉਮੀਦਵਾਰ ਦੀ ਚੋਣ ਲਈ ਹਾਈ ਕਮਾਂਡ ਨੂੰ ਅਖਤਿਆਰ ਦਿੱਤੇ।  ਬੈਨੀਵਾਲ ਜੀ ਨੇ ਕਿਹਾ ਕਿ ਬਹੁਜਨ ਸਮਾਜ ਅਤੇ ਕੇਡਰ ਨੂੰ ਲਾਮਬੰਦ ਕਰਕੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪੂਰਤੀ ਲਈ ਸੱਤਾ ਤੇ ਕਬਜ਼ਾ ਕਰਨਾ ਬਸਪਾ ਦਾ ਮੁੱਖ ਨਿਸ਼ਾਨਾ ਹੈ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਸੂਬਾ ਇੰਚਾਰਜ ਵਿਧਾਇਕ ਡਾ. ਨਛੱਤਰ ਪਾਲ ਅਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।