
ਫਗਵਾੜਾ, 19 ਦਸੰਬਰ 2024 : ਬੀਤੀ ਰਾਤ ਫਗਵਾੜਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇੱਕ ਔਰਤ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜ ਸਾਲ ਬਾਅਦ ਆਸਟ੍ਰੇਲੀਆ ਤੋਂ ਆਏ ਆਪਣੇ ਮੁੰਡੇ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਔਰਤ ਗੁਰਿੰਦਰ ਕੌਰ ਵਾਪਸ ਲੁਧਿਆਣਾ ਆ ਰਹੀ ਸੀ, ਜਦੋਂ ਉਹ ਫਗਵਾੜਾ ਫਲਾਈਓਵਰ ਤੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਨੂੰ ਗੰਨਿਆਂ ਨਾ ਭਰੀ ਟਰੈਕਟਰ ਟਰਾਲੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਗੱਡੀ ਘੁੰਮ ਗਈ ਅਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਕਾਰਨ ਆਸਟ੍ਰੇਲੀਆ ਤੋਂ ਆਏ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਕਾਰ ਚਾਲਕ ਅਤੇ ਔਰਤ ਗੁਰਿੰਦਰ ਕੌਰ ਜਖ਼ਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਹਸਪਤਾਲ ਵਿੱਚ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਕਾਰ ਚਾਲਕ ਵੀ ਦਮਤੋੜ ਗਿਆ। ਹਾਦਸੇ ਦੀ ਸੂਚਨਾਂ ਮਿਲਣ ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇੱਕ ਔਰਤ ਜਖ਼ਮੀ ਹੈ। ਮ੍ਰਿਤਕ ਦਿਲਪ੍ਰੀਤ ਸਿੰਘ ਅਤੇ ਜਖ਼ਮੀ ਔਰਤ ਗੁਰਿੰਦਰ ਕੌਰ ਲੁਧਿਆਣਾ ਦੇ ਵਾਸੀ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।