ਜਲੰਧਰ ਜਿਮਨੀ ਚੋਣ 'ਚ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਵੱਡੀ ਲੀਡ ਨਾਲ ਜਿੱਤੇ, ਆਪ ਆਗੂਆਂ ਨੇ ਮਨਾਇਆ ਜਸ਼ਨ

ਜਲੰਧਰ, 13 ਜੁਲਾਈ 2024 : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫ਼ਰਕ ਜਿੱਤ ਹਾਸਲ ਕਰ ਲਈ ਹੈ। ਸਵੇਰ ਤੋਂ ਰੁਝਾਨਾਂ ਵਿੱਚ ਮੋਹਿੰਦਰ ਭਗਤ ਅੱਗੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 55246 ਹਾਸਲ ਕੀਤੀਆਂ।  ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 37325 ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ 17921 ਵੋਟਾਂ ਹਾਸਲ ਹੋਈਆਂ ਹਨ। ਜਦਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 16, 757 ਵੋਟਾਂ ਹਾਸਲ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਹਾਸਲ ਹੋਈਆਂ ਹਨ। ਜਦਕਿ ਬਸਪਾ ਉਮੀਦਵਾਰ ਬਿੰਦਰ ਲਾਖਾ ਨੂੰ 734 ਵੋਟਾਂ ਪਈਆਂ ਹਨ। ਇਸ ਸੀਟ ਉਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਸਨ। ਸਥਾਨਕ ਡਿਫੈਂਸ ਕਾਲੋਨੀ 'ਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ 'ਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। 12 ਵਜੇ ਤੋਂ ਪਹਿਲਾਂ ਹੀ ਨਤੀਜਾ ਕਾਫ਼ੀ ਹੱਦ ਤਕ ਸਾਫ਼ ਹੋ ਗਿਆ ਸੀ। ਕੁੱਲ 13 ਰਾਊਂਡ 'ਚ ਵੋਟਾਂ ਦੀ ਗਿਣਤੀ ਕੀਤੀ ਗਈ। 10 ਜੁਲਾਈ ਨੂੰ ਹੋਈ ਵੋਟਿੰਗ 'ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ 2017 ਵਿੱਚ ਕਾਂਗਰਸ ਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ। 

  • ਆਪ ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਜਲੰਧਰ ਪੱਛਮੀ ਜ਼ਿਮਨੀ ਚੋਣ ਵਿਚ ਜਿੱਤ ਦਾ ਮਨਾਇਆ ਜਸ਼ਨ
  • ਵੱਡੇ ਫ਼ਰਕ ਨਾਲ ਜਿੱਤਣਾ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬਹੁਤ ਖ਼ੁਸ਼ ਹਨ : ਭਗਵੰਤ ਮਾਨ
  • ਆਪ' ਮੰਤਰੀ ਹਰਪਾਲ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ ਨੇ ਪਾਰਟੀ ਦਫ਼ਤਰ ਪਹੁੰਚ ਕੇ ਆਗੂਆਂ ਤੇ ਵਰਕਰਾਂ ਨੂੰ ਦਿੱਤੀ ਜਿੱਤ ਦੀ ਵਧਾਈ
  • ਲੋਕ ਸਾਡੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੇ ਨਾਲ ਖੜੇ ਹਨ - ਹਰਪਾਲ ਸਿੰਘ ਚੀਮਾ
  • ਆਪ' ਉਮੀਦਵਾਰ ਦੀ ਵੱਡੀ ਜਿੱਤ ਕਾਰਨ ਵਿਰੋਧੀ ਪਾਰਟੀਆਂ ਦੇ ਸਾਰੇ ਪ੍ਰਾਪੇਗੰਡਾ ਫ਼ੇਲ੍ਹ ਹੋ ਗਏ - ਲਾਲਜੀਤ ਸਿੰਘ ਭੁੱਲਰ
  • ਆਮ ਆਦਮੀ ਪਾਰਟੀ ਸਿਰਫ਼ ਆਮ ਲੋਕਾਂ ਲਈ ਕੰਮ ਕਰਦੀ ਹੈ, ਇਸੇ ਲਈ ਜਲੰਧਰ ਪੱਛਮੀ ਦੇ ਲੋਕਾਂ ਨੇ ਸਾਨੂੰ ਇੰਨੀ ਵੱਡੀ ਜਿੱਤ ਦਾ ਤੋਹਫ਼ਾ ਦਿੱਤਾ ਹੈ - ਹਰਭਜਨ ਸਿੰਘ ਈਟੀਓ 

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਤੋਂ ਬਾਅਦ 'ਆਪ' ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਢੋਲ ਵਜਾ ਕੇ ਖ਼ੁਸ਼ੀ ਮਨਾਈ ਅਤੇ ਇਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ। ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ "ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ... ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖ਼ੁਸ਼ ਹਨ...ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ...ਮੋਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ"। ‘ਆਪ’ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਜਿੱਤ ਤੋਂ ਬਾਅਦ ਪਾਰਟੀ ਦਫ਼ਤਰ ਪੁੱਜੇ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ। ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ। ਸਾਡੇ ਉਮੀਦਵਾਰ ਮੋਹਿੰਦਰ ਭਗਤ ਬਹੁਤ ਹੀ ਨੇਕ ਤੇ ਸਾਫ਼ ਅਕਸ ਇਨਸਾਨ ਹਨ। ਲੋਕ ਸਾਡੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੇ ਨਾਲ ਖੜੇ ਹਨ। ਇਸ ਚੋਣ ਵਿੱਚ ਵੀ ਲੋਕਾਂ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਭਾਜਪਾ ਨੂੰ ਦੱਸ ਦਿੱਤਾ ਹੈ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਭਾਰਤੀ ਜਨਤਾ ਪਾਰਟੀ ਤੋਂ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ 'ਆਪ' ਉਮੀਦਵਾਰ ਮੋਹਿੰਦਰ ਭਗਤ ਦੀ ਵੱਡੀ ਜਿੱਤ ਕਾਰਨ ਵਿਰੋਧੀ ਪਾਰਟੀਆਂ ਦਾ ਸਾਰੇ ਪ੍ਰਾਪੇਗੰਡਾ ਫੇਲ ਹੋ ਗਏ। ਮੋਹਿੰਦਰ ਭਗਤ ਦਾ ਪਰਿਵਾਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਹੈ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਇਸੇ ਲਈ ਜਲੰਧਰ ਪੱਛਮੀ ਦੇ ਲੋਕਾਂ ਨੇ ਸਾਨੂੰ ਇੰਨੀ ਵੱਡੀ ਜਿੱਤ ਦਾ ਤੋਹਫ਼ਾ ਦਿੱਤਾ ਹੈ। ਇਸ ਰਾਹੀਂ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਵਾਨ ਕੀਤਾ ਹੈ। ਈਟੀਓ ਨੇ ਦੱਸਿਆ ਕਿ ਸ਼ੀਤਲ ਅੰਗੁਰਾਲ ਪੈੱਨ ਡਰਾਈਵ ਲੈ ਕੇ ਇੱਧਰ-ਉੱਧਰ ਘੁੰਮਦਾ ਰਿਹਾ ਪਰ ਉਸ ਨੂੰ ਕੁਝ ਹਾਸਲ ਨਹੀਂ ਹੋਇਆ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਉਹ ਡਰਾਮਾ ਕਰ ਰਿਹਾ ਹੈ। ਇਸੇ ਲਈ ਜਨਤਾ ਨੇ ਅਜਿਹੇ ਲੋਕਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

class="img-responsive''