“ਦੇਸ਼ ਧ੍ਰੋਹ” ਦੇ ਝੂਠੇ ਇਲਜ਼ਾਮ ਦਾ ਸ਼ਿਕਾਰ ਅਧਿਆਪਕ ਸੋਨੀ ਸੋਰੀ

ਆਪਣੇ ਉੱਪਰ ਲੱਗੇ ਦੇਸ਼ ਧ੍ਰੋਹ ਦੇ ਝੂਠੇ ਕੇਸ ਦਾ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਲਗਾਤਾਰ 11 ਵਰ੍ਹੇ ਸਾਹਮਣਾ ਕਰਦੇ ਹੋਏ ਕਾਨੂੰਨੀ ਲੜਾਈ ਲੜਨ ਪਿੱਛੋਂ ਆਖਰ ਬਾਇੱਜ਼ਤ ਬਰੀ ਹੋਣ ਵਾਲੇ ਇੱਕ ਛੱਤੀਸਗੜ੍ਹ ਦੇ ਆਦਿਵਾਸੀ ਸਮਾਜ ਤਸੇਵੀ ਅਧਿਆਪਕ ਸੋਨੀ ਸੋਰੀ ਦੀ ਸੰਘਰਸ਼ਮਈ ਜੀਵਨ ਗਾਥਾ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ ।

 ਸਾਲ 2011 ਵਿੱਚ ਸੋਨੀ ਸੋਰੀ ਉੱਤੇ ਉਸ ਵੇਲੇ ਦੀ ਛੱਤੀਸਗੜ੍ਹ ਵਿੱਚ ਬੀਜੇਪੀ ਸਰਕਾਰ ਨੇ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਨਾਲ ਨਾਲ ਮਾਓਵਾਦੀਆਂ ਨੂੰ ਫੰਡ ਮੁਹਾਈਆ ਕਰਵਾਉਣ ਦੇ ਬੇਬੁਨਿਆਦ ਦੋਸ਼ਾਂ ਅਧੀਨ ‘ਦੇਸ਼ ਧ੍ਰੋਹ’ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਜਿਸਦੇ ਤਹਿਤ ਸਮਾਜ ਸੇਵਿਕਾ ਸੋਨੀ ਸੋਰੀ ਨੂੰ 2011 ਵਿੱਚ ਦਿੱਲੀ ਤੋਂ ਗ੍ਰਿਫਤਾਰ ਕਰਕੇ ਛੱਤੀਸਗੜ੍ਹ ਪੁਲੀਸ ਨੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਜੇਲ੍ਹ ਵਿੱਚ ਸੋਨੀ ਸੋਰੀ ਉੱਤੇ ਅੰਨ੍ਹੇ ਸਰੀਰਕ ਅਤੇ ਮਾਨਸਿਕ ਅੱਤਿਆਚਾਰ ਕੀਤੇ ਗਏ । ਪਲੀਸ ਵੱਲੋਂ ਇਸ ਦੌਰਾਨ ਸੋਨੀ ਨਾਲ ਤੀਸਰੇ ਦਰਜੇ ਦਾ ਟਾਰਚਰ ਕੀਤਾ ਗਿਆ । ਆਪਣੇ ਨਾਲ ਜੇਲ੍ਹ ਵਿੱਚ ਪੁਲੀਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਬਿਆਨ ਕਰਦਿਆਂ ਸੋਨੀ ਸੋਰੀ ਨੇ ਬੀਬੀਸੀ ਅਤੇ ਇੰਡੀਆ ਟੂਡੇ ਨੂੰ ਇੰਟਰਵਿਊ ‘ਚ ਦੱਸਿਆ ਕਿ ਤੱਤਕਾਲੀ ਐੱਸ ਐੱਸ ਪੀ ਅੰਕਿਤ ਗਰਗ ਨੇ ਉਸਨੂੰ ਅਲਫ਼ ਨੰਗਿਆਂ ਕਰਕੇ ਬਿਜਲੀ ਦੇ ਝਟਕੇ ਲਗਾਏ ਸਨ । ਉਸਨੇ ਦੱਸਿਆ ਕਿ ਜੇਲ੍ਹ ਦੀ ਕੋਠੜੀ ‘ਚ ਉਸਨੂੰ ਅਕਸਰ ਹੀ ਨਗਨ ਹਾਲਤ ਵਿੱਚ ਬਿਠਾਕੇ ਜਲੀਲ ਕੀਤਾ ਜਾਂਦਾ ਸੀ । ਉਸਨੇ ਆਪਣੇ ਉੱਤੇ ਹੋਏ ਤਸ਼ੱਦਦ ਦੀ ਦਰਦ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਕਿ ਡਾਕਟਰ ਨੇ ਵੀ ਉਸਦੀ ਮੈਡੀਕਲ ਰਿਪੋਰਟ ਦੌਰਾਨ ਉਸਦੇ ਗੁਪਤ ਅੰਗ ਵਿੱਚੋਂ ਪੱਥਰ ਦੇ ਛੋਟੇ ਛੋਟੇ ਟੁਕੜੇ ਕੱਢਣ ਵਰਗੇ ਜਿਨਸੀ ਪ੍ਰੇਸ਼ਾਨੀ ਦੇਣ ਦੀ ਪੁਸ਼ਟੀ ਕੀਤੀ ਸੀ ।

ਸੋਨੀ ਸੋਰੀ ਉੱਤੇ ਹੁੰਦੇ ਤਸ਼ੱਦਦ ਦੀ ਕਹਾਣੀ ਜੇਲ੍ਹ ਤੋਂ ਬਾਹਰ ਆ ਕੇ ਵੀ ਖਤਮ ਨਹੀਂ ਹੁੰਦੀ । ਜਗਦਲਪੁਰ ਜੇਲ੍ਹ ਤੋਂ 11 ਫਰਵਰੀ 2016 ਨੂੰ ਘਰ ਪਰਤਦਿਆਂ ਕੁਝ ਅਣਪਛਾਤੇ ਲੋਕਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ । ਉਸਦੇ ਚਿਹਰੇ ਉੱਤੇ ਤੇਜ਼ਾਬ ਸੁੱਟਕੇ ਸੋਨੀ ਸੋਰੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ।

ਆਦਿਵਾਸੀ ਇਲਾਕਿਆਂ ਵਿੱਚ ਕੁਦਰਤੀ ਸੋਮਿਆਂ ਦੇ ਕਾਰਪੋਰੇਟਰ ਲੁਟੇਰਿਆਂ ਵਿਰੁੱਧ ਆਪਣੀ ਆਵਾਜ ਉਠਾਉਣ ਵਾਲੇ ਸੋਨੀ ਸੋਰੀ ਜਿਹੇ ਸੰਘਰਸ਼ੀ ਯੋਧੇ ਦੇ ਜੇਲ੍ਹ ਵਿੱਚ ਨਜਾਇਜ਼ 11 ਸਾਲ ਬਿਤਾਉਣ ਨਾਲ ਖੁੱਸੇ ਆਤਮ ਵਿਸ਼ਵਾਸ਼ ਨੂੰ ਕੌਣ ਵਾਪਸ ਕਰੇਗਾ ? ਵਿਸ਼ਵ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਲੋਕਤੰਤਤਰ , ਭਾਰਤ ਵਿੱਚ ਹੋਏ ਇਹੋ ਜਿਹੇ ਅਤਿ ਘਿਨਾਉਣੇ ਅਣਮਨੁੱਖੀ ਘਾਣ ਪ੍ਰਤੀ ਕੌਣ ਜਿੰਮੇਵਾਰ ਹੈ ? ਭਾਰਤ ਦੀ ਅੰਨ੍ਹੀ ਨਿਆਂਇਕ ਵਿਵਸਥਾ ਕਦੋਂ ਤੱਕ ਸੋਨੀ ਸੋਰੀ ਜਿਹੇ ਆਵਾਜ ਚੁੱਕ ਕੇ ਲੋਕ ਲਹਿਰ ਬਣਾਉਣ ਵਾਲਿਆਂ ਪ੍ਰਤੀ ਅਵੇਸਲੀ ਹੋਈ ਚੁੱਪ ਧਾਰੀ ਬੈਠੀ ਰਹੇਗੀ ?