- ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ‘ਨੈਸ਼ਨਲ ਟੀਚਰ ਐਵਾਰਡ 2024’ ਲਈ ਅਧਿਆਪਕਾਂ ਦੀ ਸੂਚੀ ਕੀਤੀ ਜਾਰੀ
ਚੰਡੀਗੜ੍ਹ, 28 ਅਗਸਤ 2024 : ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ‘ਨੈਸ਼ਨਲ ਟੀਚਰ ਐਵਾਰਡ 2024’ ਨਾਲ ਸਨਮਾਨਤ ਹੋਣ ਵਾਲੇ ਅਧਿਆਪਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਦੋ ਅਧਿਆਪਕਾਂ ਨੂੰ ਇਹ ਪੁਰਸਕਾਰ ਮਿਲੇਗਾ। ਸਾਲ 2024 ਲਈ ਦੇਸ਼ ’ਚੋਂ ਕੁੱਲ 50 ਅਧਿਆਪਕ ਇਸ ਪੁਰਸਕਾਰ ਲਈ ਚੁਣੇ ਗਏ ਹਨ। ਪੰਜਾਬ ਦੇ ਸਿੱਖਿਆ ਵਿਭਾਗ ਨੇ ਕੁੱਲ 6 ਅਧਿਆਪਕਾਂ ਦੇ ਨਾਂ ਖ਼ਿਤਾਬ ਲਈ ਭੇਜੇ ਸਨ, ਜਿਨ੍ਹਾਂ ’ਚੋਂ ਪੰਕਜ ਕੁਮਾਰ ਗੋਇਲ ਜੀਐੱਸਐੱਸ ਲੜਕੀਆਂ, ਬਰਨਾਲਾ ਤੇ ਰਜਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ, ਗੋਨਿਆਣਾ ਮੰਡੀ ਬਠਿੰਡਾ ਦੀ ਚੋਣ ਕੀਤੀ ਗਈ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡ ਲਈ ਚੁਣੇ ਗਏ ਪੰਜਾਬ ਦੇ ਅਧਿਆਪਕਾਂ ਨੂੰ ਵਧਾਈ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮੀ ਐਵਾਰਡ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਸ. ਬੈਂਸ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਚੋਣ ਨਾਲ ਸੂਬੇ ਦਾ ਮਾਣ ਵਧਿਆ ਹੈ। ਇਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਲ 2024 ਵਿੱਚ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਰਨਾਲਾ ਦੇ ਪੰਕਜ ਕੁਮਾਰ ਗੋਇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰਾ ਸਿੰਘ ਗੋਨਿਆਣਾ ਮੰਡੀ, ਬਠਿੰਡਾ ਦੇ ਰਜਿੰਦਰ ਸਿੰਘ ਦੀ ਚੋਣ ਹੋਈ ਹੈ।