ਚੰਡੀਗੜ੍ਹ, 05 ਜੂਨ : ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਅਤੇ ਆ ਆਦਮੀ ਪਾਰਟੀ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ‘ਚ ਛੇਤੀ ਹੀ ਫੇਰਬਦਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੈਬਨਿਟ ਮੰਤਰੀ ਮੀਤ ਹੇਅਰ ਹੁਣ ਸੰਸਦ ‘ਚ ਜਾਣਗੇ। ਇਸ ਦੇ ਨਾਲ ਹੀ ਪਾਰਟੀ ਲੀਡਰਸ਼ਿਪ ਚੋਣਾਂ ਹਾਰਨ ਵਾਲੇ ਚਾਰ ਮੰਤਰੀਆਂ ਦੇ ਭਵਿੱਖ ਬਾਰੇ ਵੀ ਵਿਚਾਰ ਕਰ ਸਕਦੀ ਹੈ। ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਨਾਲ ਨਾ ਸਿਰਫ਼ ਬਰਨਾਲਾ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ, ਸਗੋਂ ਭਗਵੰਤ ਮਾਨ ਦੀ ਕੈਬਨਿਟ ਵਿੱਚ ਇੱਕ ਮੰਤਰੀ ਦੀ ਥਾਂ ਵੀ ਖ਼ਾਲੀ ਹੋ ਗਈ ਹੈ।