ਚੰਡੀਗੜ੍ਹ, 7 ਜਨਵਰੀ : ਪੰਜਾਬ 'ਚ ਕੜਾਕੇ ਦੀ ਠੰਢ ਨਾਲ ਜਿਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਥੇ ਹੁਣ ਅਗਲੇ ਕੁੱਝ ਦਿਨਾਂ ਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਸੂਬੇ ਚ ਸੰਘਣੀ ਧੁੰਦ ਕਾਰਨ ਵਾਪਰੇ ਹਾਦਸਿਆਂ ਵਿੱਚ ਹੁਣ ਤੱਕ 5 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਜਦਕਿ ਧੁੰਦ ਦੇ ਮੱਦੇਨਜ਼ਰ ਮੋਹਾਲੀ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ 4 ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ।ਚੰਡੀਗੜ੍ਹ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅਗਲੇ 4 ਦਿਨਾਂ ਦੌਰਾਨ ਧੁੰਦ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ। ਔਸਤ ਤਾਪਮਾਨ ਵੀ ਇਸ ਦੌਰਾਨ 10 ਡਿਗਰੀ ਤੋਂ ਵੱਧ ਨਹੀਂ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 2-3 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਤਾਪਮਾਨ ਘਟਣ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਵੱਲੋਂ ਵੀ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕਰਦੇ ਹੋਏ 14 ਜਨਵਰੀ ਤੱਕ ਦਾ ਐਲਾਨ ਕੀਤਾ ਗਿਆ ਹੈ ਅਤੇ ਹੁਣ ਸੱਤਵੀਂ ਜਮਾਤ ਤੱਕ ਸਕੂਲ 14 ਜਨਵਰੀ ਨੂੰ ਲੱਗਣਗੇ, ਜਦਕਿ 8ਵੀਂ ਤੋਂ ਉਪਰ ਜਮਾਤਾਂ ਦੇ ਸਕੂਲ 8 ਤਰੀਕ ਤੋਂ ਹੀ 10 ਵਜੇ ਤੋਂ 3 ਵਜੇ ਤੱਕ ਲੱਗਣਗੇ।ਭਾਰਤੀ ਮੌਸਮ ਵਿਭਾਗ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ 10 ਸਾਲਾਂ ਦੌਰਾਨ ਜਨਵਰੀ ਦੇ ਪਹਿਲੇ ਹਫਤੇ ਦੇ ਤਾਪਮਾਨ ਵਿੱਚ ਔਸਤ ਤਾਪਮਾਨ ਵੱਧ ਤੋਂ ਵੱਧ 10 ਡਿਗਰੀ ਤੋਂ ਹੇਠਾਂ ਰਿਹਾ। ਇਹ ਪਹਿਲੀ ਵਾਰ ਹੈ ਕਿ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 9.2 ਡਿਗਰੀ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਸਨੀਵਾਰ ਨੂੰ ਤਾਪਮਾਨ ਥੋੜ੍ਹਾ ਵੱਧ ਸਕਦਾ ਹੈ, ਜਦਕਿ ਵੈਸਟਰਨ ਡਿਸਟਰਬੈ਼ਸ ਬਣਿਆ ਰਹੇਗਾ, ਜਿਸ ਦੇ ਪ੍ਰਭਾਵ ਦੇ ਮੱਦੇਨਜ਼ਰ 12-13 ਜਨਵਰੀ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।