ਚੰਡੀਗੜ੍ਹ, 27 ਸਤੰਬਰ 2024 : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਾਖੜ ਦੇ ਅਸਤੀਫੇ ‘ਤੇ ਚੁਟਕੀ ਲਈ ਹੈ। ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ‘ਤੇ ਸੁਨੀਲ ਜਾਖੜ ਦੀ ਖਬਰ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਜਾਖੜ ਨੂੰ ਪੁੱਛਿਆ ਕਿ ਉਹ ਅੱਗੇ ਕਿੱਥੇ ਜਾ ਰਹੇ ਹਨ? ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਸੁਨੀਲ ਝੱਖੜ ਦੇ ਅਸਤੀਫੇ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੂਤਰਾਂ ਅਨੁਸਾਰ ਉਹ ਵੀਰਵਾਰ ਨੂੰ ਪਾਰਟੀ ਵੱਲੋਂ ਚੋਣਾਂ ਸਬੰਧੀ ਰੱਖੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ। ਪਤਾ ਲੱਗਾ ਹੈ ਕਿ ਜਾਖੜ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਨਾਰਾਜ਼ ਸਨ, ਜਿਸ ਕਾਰਨ ਉਨ੍ਹਾਂ ਜੁਲਾਈ ਮਹੀਨੇ ਤੋਂ ਹੀ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਦੱਸ ਦੇਈਏ ਕਿ ਜਾਖੜ ਨੂੰ ਇੱਕ ਸਾਲ ਪਹਿਲਾਂ ਹੀ ਭਾਜਪਾ ਵੱਲੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।