ਚੰਡੀਗੜ੍ਹ, 4 ਸਤੰਬਰ 2024 : ਕੈਨੇਡਾ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਲਈ ਗਈ ਜ਼ਿਲ੍ਹਾ ਬਰਨਾਲਾ ਦੇ ਭਦੌੜ ਦੀ ਕੁੜੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਗੁਰਮੀਤ ਕੌਰ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲਾ (ਬਠਿੰਡਾ) ਨਾਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਰੋਜੀ ਰੋਟੀ ਕਮਾਉਣ ਦੀ ਖਾਤਿਰ ਮਿਤੀ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਪੜ੍ਹਾਈ ਕਰਨ ਦੇ ਲਈ ਭੇਜਿਆ ਸੀ ਅਤੇ ਹੁਣ ਉਸ ਦਾ ਇੱਕ ਸਮੈਸਟਰ ਪੁਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜਾਰ ਡਾਲਰ ਅਸੀ ਭਰ ਦਿੱਤੇ ਸਨ ਪਰੰਤੂ ਪੜ੍ਹਾਈ ਦੇ ਨਾਲ ਨਾਲ ਕੰਮਕਾਰ ਨਾ ਮਿਲਣ ਕਾਰਨ ਦਿਮਾਗ ਤੇ ਟੈਨਸ਼ਨ ਰੱਖਦੀ ਸੀ। ਸਾਨੂੰ ਮਿਤੀ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਲੜਕੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਕਸਬਾ ਭਦੌੜ ਵਿਖੇ ਲਿਆਉਣ ਦੇ ਲਈ ਸਾਡੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਕਿ ਅਸੀ ਆਪਣੀ ਲੜਕੀ ਨੂੰ ਆਖਰੀ ਵਾਰ ਤਾਂ ਦੇਖ ਲਈਏ। ਗੁਆਂਡੀ ਦਰਸ਼ਨ ਸਿੰਘ ਪਟਵਾਰੀ ਨੇ ਕਿਹਾ ਕਿ ਪਰਮਜੀਤ ਸਿੰਘ ਡਰਾਈਵਰੀ ਕਰਕੇ ਆਪਣੇ ਬੱਚੇ ਅਤੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਅਤੇ ਆਰਥਿਕ ਮੰਦੀ ਹੋਣ ਕਾਰਨ ਇਹ ਕਿਸੇ ਹੋਰ ਪਿੰਡ ਤੋਂ ਭਦੌੜ ਪਿੰਡ ਆ ਕੇ ਰਹਿਣ ਲੱਗੇ ਸਨ। ਕੁਝ ਮਹੀਨੇ ਪਹਿਲਾਂ ਇਹਨਾਂ ਦੀ ਬੇਟੀ ਨੇ ਬਾਰਵੀਂ ਜਮਾਤ ਪਾਸ ਕਰਕੇ ਆਈਲੈਟਸ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜ ਦਿੱਤਾ ਕਿ ਹੁਣ ਉਨ੍ਹਾਂ ਦੀ ਗਰੀਬੀ ਦੂਰ ਹੋ ਜਾਵੇਗੀ ਪਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੈਨੇਡਾ ਵਿੱਚ ਉਸ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਨਾ ਮਿਲਣ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੀ ਸੀ। ਇਸ ਤੋਂ ਇਲਾਵਾ ਫਗਵਾੜਾ ਦੇ ਇੱਕ ਨੌਜਵਾਨ ਦੀ ਵੀ ਕੈਨੇਡਾ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਹਨੈ। ਮ੍ਰਿਤਕ ਦੀ ਪਛਾਣ ਰਜਤ ਕੁਮਾਰ (25) ਪੁੱਤਰ ਵਰਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਬਰੈਂਪਟਨ ‘ਚ ਰਹਿ ਕੇ ਆਪਣੀ ਜ਼ਿੰਦਗੀ ਬਸ਼ਰ ਕਰ ਰਿਹਾ ਸੀ। ਬੀਤੇ ਦਿਨੀ ਉਹ ਆਪਣੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਰਸਤੇ ਵਿੱਚ ਇੱਕ ਟਰੱਕ ਨਾਲ ਉਸ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਰਜਤ ਦੇ ਰਿਸ਼ਤੇਦਾਰ ਅਤੇ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਰਜਤ ਕੁਮਾਰ ਪੰਜ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਰਜਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁੱਤਰ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੋ ਗਿਆ।