
ਮਾਨਸਾ, 23 ਜਨਵਰੀ 2025 : ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਪੰਜਾਬ ਦੇ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਰਹਿਣ ਵਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ। 24 ਸਾਲਾ ਲਵਪ੍ਰੀਤ ਸਿੰਘ ਦੋ ਸਾਲ ਪਹਿਲਾਂ ਅਗਨੀਵੀਰ ਸਕੀਮ ਤਹਿਤ ਫ਼ੌਜ ਵਿਚ ਭਰਤੀ ਹੋਇਆ ਸੀ। ਸ਼ਹੀਦ ਜਵਾਨ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਤੈਨਾਤ ਸੀ। ਮਿਲੀ ਜਾਣਕਾਰੀ ਅਨੁਸਾਰ ਜਵਾਨ ਨੂੰ ਡਿਊਟੀ ਦੌਰਾਨ ਦਹਿਸ਼ਤਗਰਦਾਂ ਵੱਲੋਂ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਨਾਲ ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਿਆ । ਲਵਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮੁੱਖ ਮੰਤਰੀ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ, ਹਰ ਸੰਭਵ ਮਦਦ ਦਾ ਕੀਤਾ ਐਲਾਨ
ਜੰਮੂ-ਕਸ਼ਮੀਰ ਦੇ ਕੁੱਪਵਾੜਾ ‘ਚ ਮਾਨਸਾ ਦੇ ਪਿੰਡ ਅਕਲੀਆ ਦਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਕੱਲ੍ਹ ਦੁਪਹਿਰ 3 ਵਜੇ ਕੁਪਵਾੜਾ ‘ਚ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਇਆ ਸੀ। ਇਸ ਦੌਰਾਨ ਲਵਪ੍ਰੀਤ ਸਿੰਘ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਫੌਜ ਦੇ ਜਵਾਨ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਪਰ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ। ਲਵਪ੍ਰੀਤ ਦੀ ਸ਼ਹਾਦਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਵਪ੍ਰੀਤ ਸਿੰਘ ਦੇ ਪਰਿਵਾਰ ਲਈ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਟਵੀਟ ਕੀਤਾ ਕਿ “ਜੰਮੂ-ਕਸ਼ਮੀਰ ਦੇ ਕੁੱਪਵਾੜਾ ਵਿਖੇ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾਂ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ”