- ਸਰਕਾਰ ਵਲੋ ਕੀਤੇ ਜਾ ਰਹੇ ਰਾਹਤ ਕਾਰਜ ਬੇਹੱਦ ਢਿੱਲੇ ਅਤੇ ਨਾ ਬਰਾਬਰ ਹਨ: ਢੀਂਡਸਾ
- ਉਨ੍ਹਾਂ ਕਿਹਾ, ਜੇ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਨਹੀ ਕਰ ਸਕਦੀ ਤਾਂ ਸਮੱਸਿਆਵਾਂ ਦਾ ਹੱਲ ਕੱਢਣ ਗਏ ਰਾਜਪਾਲ ਨਾਲ ਉਨ੍ਹਾਂ ਨੂੰ ਮਿਲਣ ਤਾਂ ਦਿੰਦੀ
ਚੰਡੀਗੜ੍ਹ, 29 ਜੁਲਾਈ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਾਨ ਸਰਕਾਰ `ਤੇ ਸੂਬੇ ਵਿਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਗਏ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪਰੋਹਿਤ ਨਾਲ ਹੜ੍ਹ ਪੀੜਤਾਂ ਨੂੰ ਮਿਲਣ ਤੋਂ ਰੋਕਣ ਦਾ ਦੋਸ਼ ਲਗਾਇਆ ਹੈ। ਢੀਂਡਸਾ ਨੇ ਇਸ ਲੋਕ ਵਿਰੋਧੀ ਅਤੇ ਗੈਰ-ਜ਼ਿੰਮੇਵਾਰਾਨਾ ਵਤੀਰੇ ਲਈ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਵਲੋਂ ਵਿਧਾਨ ਸਭਾ ਹਲਕਾ ਲਹਿਰਾ ਵਿਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਦੇ ਸਥਾਨਕ ਅਧਿਕਾਰੀਆਂ ਨੇ ਹੜ੍ਹ ਪੀੜਤਾਂ ਅਤੇ ਕਿਸਾਨਾਂ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ। ਸੁਖਦੇਵ ਸਿੰਘ ਢੀਂਡਸਾ ਨੇ ਮਾਨ ਸਰਕਾਰ ਨੂੰ ਆੜੇ ਹੱਥੇ ਲੈਂਦਿਆਂ ਕਿਹਾ ਕਿ ਜੇ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਨਹੀ ਕਰ ਸਕਦੀ ਹੈ ਤਾਂ ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਰਾਜਪਾਲ ਨਾਲ ਮਿਲਣ ਦਾ ਮੌਕਾ ਤਾਂ ਦੇਣਾ ਚਾਹੀਦਾ ਸੀ। ਜਿਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਰਾਜਪਾਲ ਖ਼ੁਦ ਉਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਮਾੜੇ ਵਤੀਰੇ ਨਾਲ ਮਾਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਢੀਂਡਸਾ ਨੇ ਮਾਨ ਸਰਕਾਰ ਨੂੰ ਪੁੱਛਿਆ ਕਿ ਤੁਸੀ ਹੜ੍ਹ ਪੀੜਤਾਂ ਤੋਂ ਕਿਸ ਗੱਲ ਦਾ ਬਦਲਾ ਲੈ ਰਹੇ ਹੋ ਜੋ ਉਨ੍ਹਾਂ ਨੂੰ ਰਾਜਪਾਲ ਨਾਲ ਸਮੱਸਿਆਵਾਂ ਹੱਲ ਲਈ ਮਿਲਣ ਤੱਕ ਨਹੀ ਦੇ ਰਹੇ ਹੋ। ਸੁਖਦੇਵ ਸਿੰਘ ਢੀਂਡਸਾ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾ ਦੇ ਮੂਨਕ, ਖਨੌਰੀ ਸਮੇਤ 30 ਤੋਂ ਵੱਧ ਪਿੰਡਾਂ ਵਿਚ ਹੜ੍ਹ ਨੇ ਪੂਰੀ ਤਬਾਹੀ ਮਚਾਈ ਹੈ। ਇਥੇ ਦੇ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਵੀ ਹੋਇਆ ਹੈ। ਜਿਨ੍ਹਾਂ ਨੂੰ ਤੁਰੰਤ ਮਦਦ ਦੀ ਬੇਹੱਦ ਜਰੂਰਤ ਹੈ। ਦੂਜੇ ਪਾਸੇ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਰਾਹਤ ਕਾਰਜ ਬਹੁਤ ਢਿੱਲੇ ਅਤੇ ਨਾ ਬਰਾਬਰ ਹਨ। ਅਜਿਹੇ ਵਿਚ ਪੀੜਤ ਲੋਕ ਦੁਖੀ ਅਤੇ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਅਜਿਹੇ ਹਾਲਾਤ ਵਿਚ ਰਾਜਪਾਲ ਦਾ ਦੌਰਾ ਬੇਹੱਦ ਅਹਿਮ ਸੀ ਅਤੇ ਉਨ੍ਹਾਂ ਦਾ ਸਥਾਨਕ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਵੀ ਜਰੂਰੀ ਸੀ ਪਰ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਇਨ੍ਹਾਂ ਸਾਰਿਆਂ ਨੂੰ ਰਾਜਪਾਲ ਨਾਲ ਮਿਲਣ ਨਹੀ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਰਾਜਪਾਲ ਨਾਲ ਸਾਂਝੀ ਕਰਨ ਤੋਂ ਵੀ ਰੋਕਿਆ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪਰੋਹਿਤ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਵਾਰੀ ਫਿਰ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਅਤੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਉਨ੍ਹਾਂ ਦਾ ਤੁਰੰਤ ਹੱਲ ਕੱਢਣ ਤਾਂ ਜੋ ਇਸ ਖੇਤਰ ਵਿਚ ਹੜ੍ਹ ਦੇ ਖਤਰੇ ਨੂੰ ਸਦਾ ਲਈ ਖਤਮ ਕੀਤਾ ਜਾ ਸਕੇ।