ਚੰਡੀਗੜ੍ਹ, 13 ਮਈ : ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਸੀਟ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਕਾਂਗਰਸ ਦੇ ਗੜ੍ਹ ਵਿੱਚ ਸਾਡੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨੇ ਜੋ ਕੰਮ ਕੀਤੇ ਹਨ, ਇਹ ਉਨ੍ਹਾਂ ਦੀ ਜਿੱਤ ਹੈ। ਨਾ ਹੀ ਧਰਮ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਤੋਂ ਪੰਜਾਬ ਦੀ ਜਨਤਾ ਨੇ ਮਾਨ ਸਰਕਾਰ ਦੇ ਕੰਮਾਂ ‘ਤੇ ਠੱਪਾ ਲਾਇਆ ਹੈ ਕਿ ਇਸੇ ਤਰ੍ਹਾਂ ਕੰਮ ਕਰਦੇ ਰਹੋ ਅਸੀਂ ਤੁਹਾਡੇ ਨਾਲ ਹਾਂ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਲਹਿਰ ਦੇ ਬਾਵਜੂਦ ਅਸੀਂ ਜਲੰਧਰ ਦੀਆਂ 9 ਵਿਧਾਨ ਸਭਾਵਾਂ ‘ਚੋਂ ਸਿਰਫ 4 ਹੀ ਜਿੱਤ ਸਕੇ ਸੀ। ਹੁਣ ਅਸੀਂ 9 ਵਿਧਾਨ ਸਭਾ ਸੀਟਾਂ ਵਿੱਚੋਂ 7 ਤੋਂ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਜਲੰਧਰ ਸੀਟ ਦੀ ਜਿੱਤ ਨਾਲ ‘ਆਪ’ ਲੋਕ ਸਭਾ ‘ਚ ਦਾਖਲ ਹੋ ਰਹੀ ਹੈ। ਅੱਗੇ ਜਾ ਕੇ ਲੋਕ ਸਭਾ ਵਿੱਚ ਵੀ ਸਾਡਾ ਬਹੁਮਤ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਰਾਮਲੀਲਾ ਮੈਦਾਨ ਤੋਂ ਜੋ ਕਾਫਲਾ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਬਹੁਤ ਵੱਡਾ ਹੋ ਗਿਆ ਹੈ। ਹੁਣ ਉਹ ਲੋਕ ਸਭਾ ਵਿੱਚ ਵੀ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਧਰਮ ਅਤੇ ਜਾਤ ਦੀ ਸਿਆਸਤ ਨਹੀਂ ਕਰਦੇ। ਸਗੋਂ ਉਨ੍ਹਾਂ ਨੇ ਸਿਰਫ਼ ਬਿਜਲੀ, ਸਕੂਲਾਂ ਅਤੇ ਬੁਨਿਆਦੀ ਢਾਂਚੇ ਦੇ ਨਾਂ ‘ਤੇ ਵੋਟਾਂ ਮੰਗੀਆਂ, ਜਿਸ ‘ਤੇ ਉਹ ਜਿੱਤ ਗਏ। ਸੀਐਮ ਮਾਨ ਨੇ ਕਿਹਾ ਕਿ ਚਿੱਕੜ ਦੀ ਸਿਆਸਤ ਦੀ ਬਜਾਏ ਵਿਕਾਸ ਦੀ ਸਿਆਸਤ ਕੀਤੀ ਜਾਵੇ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਆਗੂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕੀਤਾ ਕਿ ‘ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਵਾਪਸੀ! ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਉਪ ਚੋਣ ਜਿੱਤਣ ‘ਤੇ ਵਧਾਈ। ਧੰਨਵਾਦ ਜਲੰਧਰ! ਅੱਜ ਦੀ ਜਿੱਤ ਲੋਕਾਂ ਦੇ ਵਿਸ਼ਵਾਸ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਭਗਵੰਤ ਮਾਨ ਦਾ ਰਾਜ ਲੋਕ ਪੱਖੀ ਹੈ। ਦੱਸ ਦਈਏ ਕਿ ਜਲੰਧਰ ਸੀਟ 1999 ਤੋਂ ਕਾਂਗਰਸ ਕੋਲ ਸੀ। ਜਲੰਧਰ ਸੀਟ ਤੋਂ 24 ਸਾਲਾਂ ਬਾਅਦ ਕਾਂਗਰਸ ਦਾ ਸਫਾਇਆ ਹੋਇਆ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਦਰਜ ਕੀਤੀ ਹੈ। ਇਸ ਨਾਲ ਪੰਜਾਬ ਤੋਂ ਲੋਕ ਸਭਾ ‘ਚ ‘ਆਪ’ ਦਾ ਖਾਤਾ ਮੁੜ ਖੁੱਲ੍ਹ ਗਿਆ ਹੈ।