- ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼
- ਮੰਤਰੀ ਜਿੰਪਾ ਨੇ ਜਲ ਸਪਲਾਈ ਸਕੀਮਾਂ ਦੀ ਪ੍ਰਗਤੀ ਵਿਚ ਤੇਜ਼ੀ ਲਿਆਉਣ ਲਈ ਜੰਗਲਾਤ ਮੰਤਰੀ ਨਾਲ ਕੀਤੀ ਉੱਚ ਪੱਧਰੀ ਮੀਟਿੰਗ
ਚੰਡੀਗੜ੍ਹ, 25 ਜੁਲਾਈ : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਦੋਵਾਂ ਵਿਭਾਗਾਂ ਦੇ ਸਾਂਝੇ ਮੁੱਦਿਆਂ ਦੇ ਹੱਲ ਲਈ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ ਪੀਣ ਯੋਗ ਪਾਣੀ ਦੇਣ ਲਈ ਸਾਰਥਕ ਯਤਨ ਕਰ ਰਹੀ ਹੈ। ਇਸ ਮਕਸਦ ਲਈ ਬਹੁਤ ਸਾਰੀਆਂ ਜਲ ਸਪਲਾਈ ਸਕੀਮਾਂ ਕਾਰਜਸ਼ੀਲ ਹਨ ਅਤੇ ਕਈ ਸਕੀਮਾਂ ਨਵੀਆਂ/ਉਸਾਰੀ ਅਧੀਨ ਹਨ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਦੀਆਂ ਪਾਈਪ ਲਾਈਨਾਂ ਵਿਛਾਉਣ ਲਈ ਕਈ ਥਾਂਵਾਂ ‘ਤੇ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਲੋਂੜੀਦੀ ਹੁੰਦੀ ਹੈ ਜਿਸਨੂੰ ਸਮਾਂਬੱਧ ਤਰੀਕੇ ਨਾਲ ਮੰਜ਼ੂਰ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਦੇਰੀ ਨਾ ਹੋਵੇ। ਜਿੰਪਾ ਨੇ ਇਸ ਮੌਕੇ ਪੱਤਰੇ ਵਾਲਾ (ਮੁਕਤਸਰ), ਕੱਟਿਆਵਾਲੀ (ਫਾਜ਼ਿਲਕਾ), ਸੋਹਣਗੜ੍ਹ (ਫਿਰੋਜ਼ਪੁਰ), ਚਵਿੰਡਾ ਕਲਾਂ ਤੇ ਕੰਦੋਵਾਲੀ (ਅੰਮ੍ਰਿਤਸਰ), ਤਲਵਾੜਾ (ਹੁਸ਼ਿਆਰਪੁਰ), ਭੁੱਚਰ ਕਲਾਂ (ਤਰਨ ਤਾਰਨ), ਮਾਣਕਪੁਰ (ਰੂਪਨਗਰ) ਸਮੇਤ ਕਰੀਬ 17 ਨਹਿਰੀ ਜਲ ਸਪਲਾਈ ਸਕੀਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਲਈ ਜੰਗਲਾਤ ਵਿਭਾਗ ਦੀ ਕਲੀਰਐਂਸ ਲਾਜ਼ਮੀ ਹੈ। ਜੰਗਲਾਤ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੀਆਂ ਸਾਰੀਆਂ ਸਕੀਮਾਂ ਲਈ ਸਮਾਂਬੱਧ ਤਰੀਕੇ ਨਾਲ ਕਲੀਐਂਸ ਜਾਰੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੋਵਾਂ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਾਂਝੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ, ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀਸੀਸੀਐਫ ਆਰ.ਕੇ ਮਿਸ਼ਰਾ ਅਤੇ ਮੁੱਖ ਵਣਪਾਲ ਬਸੰਤਾ ਰਾਜ ਕੁਮਾਰ ਹਾਜ਼ਰ ਸਨ।