ਚੰਡੀਗੜ੍ਹ, 23 ਅਕਤੂਬਰ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਅਤੇ ਕਪਤਾਨ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 12 ਸਾਲ ਤੱਕ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਬਿਸ਼ਨ ਸਿੰਘ ਬੇਦੀ ਨੇ 5 ਜਨਵਰੀ 1967 ਨੂੰ ਭਾਰਤ ਲਈ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 4 ਸਤੰਬਰ 1979 ਨੂੰ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ। ਬੇਦੀ ਨੂੰ ਇੱਕ ਸ਼ਾਨਦਾਰ ਸਪਿਨਰ ਵਜੋਂ ਜਾਣਿਆ ਜਾਂਦਾ ਸੀ ਜਦਕਿ ਉਹ ਆਪਣੇ ਖੱਬੇ ਹੱਥ ਨਾਲ ਬੱਲੇਬਾਜ਼ੀ ਵੀ ਕਰਦੇ ਸੀ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ। ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ। ਉਹ ਘਰੇਲੂ ਪੱਧਰ 'ਤੇ ਦਿੱਲੀ ਲਈ ਖੇਡਦਾ ਸੀ ਅਤੇ ਇਸ ਤੋਂ ਬਾਅਦ ਉਹ ਭਾਰਤੀ ਟੀਮ 'ਚ ਚੁਣੇ ਗਏ। ਉਨ੍ਹਾਂ ਨੇ ਕਾਉਂਟੀ ਕ੍ਰਿਕਟ ਵਿੱਚ ਨੌਰਥੈਂਪਟਨਸ਼ਾਇਰ ਟੀਮ ਦੀ ਨੁਮਾਇੰਦਗੀ ਵੀ ਕੀਤੀ। ਉਨ੍ਹਾਂ ਨੇ ਭਾਰਤ ਲਈ 1966 ਵਿੱਚ ਈਡਨ ਗਾਰਡਨ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਉਨ੍ਹਾਂ ਦਾ ਆਖਰੀ ਟੈਸਟ ਮੈਚ 1979 ਵਿੱਚ ਦ ਓਵਰ ਵਿੱਚ ਇੰਗਲੈਂਡ ਦੇ ਖਿਲਾਫ ਸੀ। ਟੈਸਟ ਕ੍ਰਿਕਟ 'ਚ ਉਨ੍ਹਾਂ ਨੇ ਟੀਮ ਇੰਡੀਆ ਲਈ 67 ਮੈਚ ਖੇਡੇ ਅਤੇ ਇਸ 'ਚ ਉਨ੍ਹਾਂ ਨੇ ਕੁੱਲ 266 ਵਿਕਟਾਂ ਲਈਆਂ। ਇੱਕ ਪਾਰੀ ਵਿੱਚ ਉਨ੍ਹਾਂ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ 98 ਦੌੜਾਂ ਦੇ ਕੇ 7 ਵਿਕਟਾਂ ਸੀ ਜਦਕਿ ਇੱਕ ਟੈਸਟ ਮੈਚ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 194 ਦੌੜਾਂ ਦੇ ਕੇ 10 ਵਿਕਟਾਂ ਸੀ। ਟੈਸਟ 'ਚ ਉਨ੍ਹਾਂ ਨੇ ਇਕ ਪਾਰੀ 'ਚ 14 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਸੀ ਜਦਕਿ ਇਕ ਵਾਰ ਮੈਚ 'ਚ 10 ਵਿਕਟਾਂ ਲੈਣ ਦਾ ਕਾਰਨਾਮਾ ਵੀ ਉਨ੍ਹਾਂ ਨੇ ਹਾਸਲ ਕੀਤਾ ਸੀ। ਬਿਸ਼ਨ ਸਿੰਘ ਬੇਦੀ ਦੇ ਵਨਡੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤ ਲਈ ਆਪਣਾ ਪਹਿਲਾ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ ਇੰਗਲੈਂਡ ਦੇ ਖਿਲਾਫ ਖੇਡਿਆ, ਜਦੋਂ ਕਿ ਉਨ੍ਹਾਂ ਦਾ ਆਖਰੀ ਵਨਡੇ ਮੈਚ 18 ਜੂਨ 1979 ਨੂੰ ਮਾਨਚੈਸਟਰ ਵਿੱਚ ਸ਼੍ਰੀਲੰਕਾ ਦੇ ਖਿਲਾਫ ਸੀ। ਉਨ੍ਹਾਂ ਨੇ ਭਾਰਤ ਲਈ ਸਿਰਫ 10 ਵਨਡੇ ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੇ 7 ਵਿਕਟਾਂ ਲਈਆਂ ਅਤੇ ਉਸ ਦਾ ਸਰਵੋਤਮ ਪ੍ਰਦਰਸ਼ਨ 44 ਦੌੜਾਂ ਦੇ ਕੇ 2 ਵਿਕਟਾਂ ਰਿਹਾ। ਟੈਸਟ ਕ੍ਰਿਕਟ ਵਿੱਚ ਬੇਦੀ ਨੇ 67 ਮੈਚਾਂ ਵਿੱਚ 656 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ ਨਾਬਾਦ 50 ਦੌੜਾਂ ਸੀ। ਉਨ੍ਹਾਂ ਨੇ 10 ਵਨਡੇ ਮੈਚਾਂ 'ਚ ਸਿਰਫ 31 ਦੌੜਾਂ ਬਣਾਈਆਂ।
‘ਸਰਦਾਰ ਆਫ਼ ਸਪਿਨ’ ਸਰਦਾਰ ਬਿਸ਼ਨ ਸਿੰਘ ਬੇਦੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਦੁਖਦਾਈ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਦੀ ਮੌਤ ਤੇ ਡੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ‘ਸਰਦਾਰ ਆਫ਼ ਸਪਿਨ’ ਦੇ ਨਾਮ ਨਾਲ ਜਾਣੇ ਜਾਂਦੇ ਸਰਦਾਰ ਬਿਸ਼ਨ ਸਿੰਘ ਬੇਦੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…ਕ੍ਰਿਕਟ ਪ੍ਰੇਮੀ ਹੋਣ ਦੇ ਨਾਤੇ ਮੈਂ ਬਿਸ਼ਨ ਸਿੰਘ ਜੀ ਦੀ ਖੇਡ ਦਾ ਹਮੇਸ਼ਾ ਕਾਇਲ ਰਿਹਾ ਹਾਂ…ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਬਿਸ਼ਨ ਸਿੰਘ ਜੀ ਦਾ ਨਾਮ ਸੁਨਹਿਰੇ ਅੱਖਰਾਂ ‘ਚ ਲਿਖਿਆ ਹਮੇਸ਼ਾ ਸਾਡੇ ਚੇਤਿਆਂ ‘ਚ ਰਹੇਗਾ, ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ…ਪਰਮਾਤਮਾ ਬਿਸ਼ਨ ਸਿੰਘ ਜੀ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ...ਵਾਹਿਗੁਰੂ ਵਾਹਿਗੁਰੂ