ਚੰਡੀਗੜ੍ਹ, 30 ਮਾਰਚ : ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ। ਇਸ ਲਈ ਆਮ ਆਦਮੀ ਪਾਰਟੀ ਨੂੰ ਛੱਡ ਕਿਸੇ ਵੀ ਹੋਰ ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪੰਜਾਬ ਵਿੱਚ ਕਾਂਗਰਸ ਪਾਰਟੀ 13 ਲੋਕ ਸਭਾ ਸੀਟਾਂ ਲਈ ਦੋ ਚਰਨਾਂ ਵਿੱਚ ਆਪਣੀ ਸੂਚੀ ਜਾਰੀ ਕਰੇਗੀ। ਇਸ ਸੰਬੰਧ ਵਿੱਚ 5 ਅਪ੍ਰੈਲ ਨੂੰ ਦਿੱਲੀ ਵਿਖੇ ਮੀਟਿੰਗ ਬੁਲਾਈ ਗਈ ਹੈ। ਪਹਿਲੀ ਸੂਚੀ 7 ਅਪ੍ਰੈਲ ਅਤੇ ਦੂਜੀ ਸੂਚੀ 15 ਜਾਂ 16 ਅਪ੍ਰੈਲ ਤੱਕ ਜਾਰੀ ਕੀਤੀ ਜਾ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ, ਇਹਨਾਂ ਖ਼ਬਰਾਂ ਵਿਚਾਲੇ ਦੇਖਣ ਵਿੱਚ ਆਇਆ ਹੈ ਕਿ ਚੰਨੀ ਪਿਛਲੇ ਕਈ ਦਿਨਾਂ ਤੋਂ ਜਲੰਧਰ ਵਿੱਚ ਸਰਗਰਮ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਚੰਨੀ ਵੱਲੋਂ ਤੰਜ ਵੀ ਕਸੇ ਗਏ ਸਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਮੈਦਾਨ ਵਿੱਚ ਉਤਾਰਨ ਦੀਆਂ ਵੀ ਅਟਕਲਾਂ ਲੱਗ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚ ਗਿਣੇ ਜਾਂਦੇ ਹਨ। ਪਿਛਲੇ ਦਿਨੀਂ ਉਹਨਾਂ ਵੱਲੋਂ ਕਾਂਗਰਸ ਦੀ ਸੈਂਟਰਲ ਵਰਕਿੰਗ ਕਮੇਟੀ ਮੀਟਿੰਗ ਵਿੱਚ ਵੀ ਹਿੱਸਾ ਲਿਆ ਗਿਆ ਸੀ। ਬੀਤੇ ਦਿਨ ਚਰਨਜੀਤ ਸਿੰਘ ਚੰਨੀ ਜਲੰਧਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਦਿੱਲੀ ਇਫਤਾਰ ਪਾਰਟੀ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਰਹਿ ਕੇ ਹੀ ਚੋਣ ਲੜਨਾ ਚਾਹੁੰਦੇ ਹਨ ਪਰ ਪਾਰਟੀ ਹਾਈਕਮਾਨ ਜਿੱਥੇ ਕਹੇਗੀ ਉਹ ਉੱਥੋਂ ਚੋਣ ਲੜਨ ਲਈ ਤਿਆਰ ਹਨ। ਉਹਨਾਂ ਵੱਲੋਂ ਜਲੰਧਰ ਤੋਂ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਜਲੰਧਰ ਲੋਕ ਸਭਾ ਸੀਟ ਦੀ ਗੱਲ ਕਰਿਏ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸੀਟ ਕਾਂਗਰਸ ਲਈ ਅਹਿਮ ਮੰਨੀ ਜਾ ਸਕਦੀ ਹੈ। ਲੋਕ ਸਭਾ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 5 ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਜਾਣ ਦਾ ਵੀ ਫਾਇਦਾ ਕਾਂਗਰਸ ਨੂੰ ਹੋ ਸਕਦਾ ਹੈ। ਸੁਸ਼ੀਲ ਰਿੰਕੂ ਤੋਂ ਪਹਿਲਾਂ ਜਲੰਧਰ ਤੋਂ ਕਾਂਗਰਸ ਦੇ ਮਰਹੂਮ ਆਗੂ ਸੰਤੋਖ ਸਿੰਘ ਚੌਧਰੀ ਲੋਕ ਸਭਾ ਮੈਂਬਰ ਸਨ।