ਚੰਡੀਗੜ੍ਹ, 4 ਅਕਤੂਬਰ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਤੇ ਪੰਥ ਹਿਤੈਸ਼ੀਆਂ ਦੀ ਨਸ਼ਿਆ ਵਿਰੁੱਧ ਬੁਲਾਈ ਗਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਐਲਾਨ ਕਰਦਿਆਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਧਰਮ ਜਾਗਰੂਕਤਾ ਲਹਿਰ ਅਧੀਨ ਸ਼ੁਰੂ ਕੀਤੀ ਗਈ ਮੁਹਿੰਮ ਜਿਸ ਵਿੱਚ ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਠੱਲ ਪਾਉਣ ਤੋਂ ਬਾਅਦ ਹੁਣ ਅਗਲੇ ਪੜਾਅ ਵਜੋਂ ਪੰਜਾਬ ਵਿੱਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਅਤੇ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ” ਨਸ਼ੇ ਛੱਡੋ ਕੋਹੜ ਵੱਢੋ ” ਮੁਹਿੰਮ ਅਧੀਨ 16 ਅਕਤੂਬਰ 2023 ਨੂੰ ਦਿਨ ਸੋਮਵਾਰ ਸਮਾਂ 10 ਤੋਂ ਇੱਕ ਵਜੇ ਤੱਕ ਗੁਰੂ ਅੰਗਦ ਦੇਵ ਪਬਲਿਕ ਸਕੂਲ ਚਮਿਆਰੀ ਵਿਖੇ ਨਸ਼ਿਆਂ ਵਿਰੁੱਧ ਗੁਰਮਤਿ ਦੀ ਰੋਸ਼ਨੀ ਵਿੱਚ ” ਨਸ਼ੇ ਛੱਡੋ ਕੋਹੜ ਵੱਢੋ ” ਜਾਗਰੂਕਤਾ ਲਹਿਰ ਸ਼ੁਰੂ ਕੀਤੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਸਰਬਸਾਝੀਂ ਹੋਵੇਗੀ । ਇਹ ਮੁਹਿੰਮ ਨਾ ਕਿਸੇ ਵਿਰੁੱਧ ਹੋਵੇਗੀ ਨਾ ਹੀ ਕਿਸੇ ਦੀ ਹਮਾਇਤ ਵਿੱਚ ਹੋਵੇਗੀ । ਇਸ ਮੁਹਿੰਮ ਵਿੱਚ ਹਰ ਸਿਆਸੀ ਪਾਰਟੀ ਦੇ ਲੋਕ ਸਿਆਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਤੇ ਹਰ ਧਰਮ ਦੇ ਲੋਕ ਸ਼ਾਥ ਦੇਣ। ਉਹਨਾਂ ਹਰ ਧਰਮ ਦੇ ਸੰਤਾਂ ਮਹਾਪੁਰਸ਼ਾਂ, ਸਮਾਜ ਸੇਵੀ ਸ਼ਖ਼ਸੀਅਤਾਂ, ਧਾਰਮਿਕ ਜਥੇਬੰਦੀਆਂ, ਐਨ ਜੀ ਓ ਪੰਥਕ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ , ਕਿਸਾਨ ਜਥੇਬੰਦੀਆਂ , ਨਿਹੰਗ ਸਿੰਘ ਜਥੇਬੰਦੀਆਂ , ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ , ਸਤਿਕਾਰ ਕਮੇਟੀਆਂ, ਸੇਵਾ ਸੁਖਮਨੀ ਸੁਸਾਇਟੀਆਂ , ਗ੍ਰੰਥੀ ਸਿੰਘਾਂ , ਕਥਾਵਾਚਕਾਂ , ਰਾਗੀ , ਢਾਡੀ , , ਕਵੀਸ਼ਰ , ਸਿੱਖ ਪ੍ਰਚਾਰਕ ,ਗੀਤਕਾਰ ਤੇ ਗਾਇਕ, ਗਾਇਕਾਵਾਂ ਪੰਜਾਬ ਤੇ ਪੰਥ ਹਿਤੈਸ਼ੀ ਸ਼ਖ਼ਸੀਅਤਾਂ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ। ਉਹਨਾਂ ਕਿਹਾ ਜੋ ਵੀ ਢਾਡੀ ਤੇ ਕਵੀਸ਼ਰ ਜਥੇ , ਗੀਤਕਾਰ ਤੇ ਗਾਇਕ , ਗਾਇਕਾਵਾਂ ਨਸ਼ਿਆਂ ਵਿਰੁੱਧ ਗੀਤ ਲਿਖਣਗੇ ਤੇ ਗਾਉਣਗੇ ਉਹਨਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਢੁਕਵਾਂ ਸਨਮਾਨ ਕਰੇਗੀ। ਉਹਨਾਂ ਕਿਹਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ। ਘਰ ਘਰ ਨਸ਼ਿਆਂ ਦੀ ਹੋਮ ਡਲਿਵਰੀ ਹੋਣ ਲੱਗ ਪਈ ਹੈ। ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਬਚਿਆ ਜਿਥੇ ਨੌਜਵਾਨ ਪੁੱਤਾਂ ਦੀਆਂ ਮੌਤਾਂ ਨਾ ਹੋਈਆਂ ਹੋਣ । ਉਹਨਾਂ ਕਿਹਾ ਪੰਜਾਬ ਦੇ ਲੋਕ ਇਹ ਕਿੰਨੀ ਦੇਰ ਤੱਕ ਬਰਦਾਸ਼ਤ ਕਰਨਗੇ ਹੁਣ ਪਾਣੀ ਸਿਰ ਤੋਂ ਲੰਘ ਤੁਰਿਆਂ ਹੈ ਹੁਣ ਪੰਜਾਬ ਦੇ ਅਣਖੀ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇੱਕ ਲਹਿਰ ਖੜ੍ਹੀ ਕਰਨੀ ਪਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਉਹ ਆਪਣੇ ਬੱਚਿਆ ਨੂੰ ਆਪ ਬਚਾਉਣ ਕਿਉੰਕਿ ਹੁਣ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਜੋ ਨਸ਼ਿਆਂ ਦੇ ਸੌਦਾਗਰ ਨਸ਼ੇ ਵੇਚ ਰਹੇ ਹਨ ਲੋਕ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਹਨਾਂ ਦੇ ਘਰ ਮੂਹਰੇ ਧਰਨੇ ਦੇਣ। ਜਿਨਾਂ ਸਿਆਸਦਾਨਾਂ ਤੇ ਪੁਲਿਸ ਅਫਸਰਾਂ ਨੇ ਨਸ਼ੇ ਰੋਕਣੇ ਸਨ ਉਹਨਾਂ ਵਿੱਚੋਂ ਬਹੁਤੇ ਖੁਦ ਹੀ ਨਸ਼ਿਆਂ ਦੇ ਵਪਾਰੀ ਬਣ ਬੈਠੇ ਹਨ। ਉਹਨਾਂ ਨਸ਼ਿਆਂ ਦੇ ਸੁਦਾਗਰਾਂ ਨੂੰ ਅਪੀਲ ਕਰਦਿਆਂ ਕਿਹਾ ਤੁਸੀਂ ਬਹੁਤ ਜਾਇਦਾਦਾਂ ਬਣਾ ਲਈਆ ਤੇ ਮੋਟੀਆਂ ਕਮਾਈਆਂ ਕਰ ਲਈਆਂ ਪਰ ਹੁਣ ਪੰਜਾਬ ਦੀ ਨੌਜਵਾਨੀ ਤੇ ਤਰਸ ਕਰੋ ਜੋ ਨਸ਼ਿਆਂ ਨਾਲ਼ ਮਰ ਰਹੇ ਹਨ ਉਹ ਤੁਹਾਡੇ ਹੀ ਪੁੱਤ , ਭਤੀਜੇ ਹਨ ਤੇ ਸਿਆਣਿਆਂ ਕਿਹਾ ਹੈ ਕਿ ” ਨੌਂ ਘਰ ਤਾਂ ਡਾਇਣ ਵੀ ਛੱਡ ਲੈਂਦੀ ਹੈ ” । ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਿਵੇਂ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਫੜ੍ਹਕੇ ਜੇਲਾਂ ਵਿੱਚ ਬੰਦ ਕੀਤਾ ਹੈ। ਇਸੇ ਤਰ੍ਹਾਂ ਵੱਡੇ ਵੱਡੇ ਨਸ਼ਿਆਂ ਦੇ ਸੌਦਾਗਰਾਂ ਨੂੰ ਫ਼ੜ੍ਹਕੇ ਜੇਲਾਂ ਵਿੱਚ ਬੰਦ ਕੀਤਾ ਇਹ ਤੁਹਾਡੀ ਡਿਊਟੀ ਹੈ । ਇਸ ਮੌਕੇ ਉਹਨਾਂ ਨਾਲ ਬਾਬਾ ਮੇਜਰ ਸਿੰਘ ਪੰਜ ਪਿਆਰੇ, ਭਾਈ ਮੋਹਕਮ ਸਿੰਘ, ਭਾਈ ਸਰਬਜੀਤ ਸਿੰਘ ਜੰਮੂ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਬੇਅੰਤ ਸਿੰਘ ਭਰਾਤਾ ਜਨਰਲ ਸੁਬੇਗ ਸਿੰਘ , ਦਲਜੀਤ ਸਿੰਘ ਪਾਖਰਪੁਰਾ, ਕਰਮਵੀਰ ਸਿੰਘ ਪੰਨੂ , ਹੈਡਮਾਸਟਰ ਸਤਨਾਮ ਸਿੰਘ, ਪਲਵਿੰਦਰ ਸਿੰਘ ਪੰਨੂ ਡਾਕਟਰ ਲਖਵਿੰਦਰ ਸਿੰਘ , ਹੈਡਮਾਸਟਰ ਪਲਵਿੰਦਰ ਸਿੰਘ ਕੈਪਟਨ ਹਰਵਿੰਦਰ ਸਿੰਘ , ਜਥੇਦਾਰ ਦੀਦਾਰ ਸਿੰਘ ਚੌਧਰਪੂਰਾ , ਬਲਵਿੰਦਰ ਸਿੰਘ ਭਿੰਦਾ , ਸੁਖਜਿੰਦਰ ਸਿੰਘ ਮਜੀਠੀਆ , ਮਨਬੀਰ ਸਿੰਘ ਦਾਬਾਂਵਾਲੀ ਸਿੱਖ ਪ੍ਰਚਾਰਕ ਭਾਈ ਅੰਗਰੇਜ ਸਿੰਘ ਭਾਈ ਰਣਜੀਤ ਸਿੰਘ ਕੁਲਬੀਰ ਸਿੰਘ ਜਗਦੀਪ ਸਿੰਘ ਆਦਿ ਸੱਜਣ ਹਾਜ਼ਿਰ ਸਨ।