ਚੰਡੀਗੜ੍ਹ 29 ਦਸੰਬਰ : ਪੰਜਾਬ ਵਿੱਚ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਨਿਕਲੀ। ਇਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਚਾਰ ਤੋਂ ਛੇ ਡਿਗਰੀ ਵੱਧ ਰਿਹਾ। ਅੰਮ੍ਰਿਤਸਰ, ਨਵਾਂਸ਼ਹਿਰ, ਗੁਰਦਾਸਪੁਰ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਦਿਨ ਦਾ ਤਾਪਮਾਨ 17 ਡਿਗਰੀ ਰਿਹਾ। ਕੁਝ ਜ਼ਿਲ੍ਹਿਆਂ ਵਿੱਚ ਇਹ 19 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਉੱਤਰੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਵਿੱਚ ਦਿਨ ਵੇਲੇ ਧੁੱਪ ਰਹੇਗੀ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 31 ਦਸੰਬਰ ਤੋਂ ਪੰਜਾਬ ‘ਚ ਸੀਤ ਲਹਿਰ ਤੇਜ਼ ਹੋ ਜਾਵੇਗੀ ਅਤੇ ਸੰਘਣੀ ਧੁੰਦ ਛਾਈ ਰਹੇਗੀ। 3 ਜਨਵਰੀ ਤੱਕ ਮੌਸਮ ਅਜਿਹਾ ਹੀ ਰਹੇਗਾ। ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਜ਼ੀਬਿਲਟੀ ਬਹੁਤ ਘੱਟ ਹੋਵੇਗੀ। ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 1.0 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੰਗਲਵਾਰ ਨੂੰ ਇਹ 1.4 ਡਿਗਰੀ ਸੈਲਸੀਅਸ ਸੀ। ਘੱਟੋ-ਘੱਟ ਤਾਪਮਾਨ ਨਵਾਂਸ਼ਹਿਰ ‘ਚ 1.5, ਅੰਮ੍ਰਿਤਸਰ ‘ਚ 2.9, ਮੁਕਤਸਰ ‘ਚ 2.9, ਹੁਸ਼ਿਆਰਪੁਰ ‘ਚ 3.4, ਮੋਗਾ ‘ਚ 3.8, ਰੂਪਨਗਰ ‘ਚ 4.5, ਜਲੰਧਰ ‘ਚ 4.6, ਲੁਧਿਆਣਾ ‘ਚ 6.4 ਅਤੇ ਪਟਿਆਲਾ ‘ਚ 6.8 ਰਿਹਾ।