ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ : ਕੈਬਨਿਟ ਮੰਤਰੀ ਸੌਂਦ

  • ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਮਰਾਲਾ ਰੋਡ ਖੰਨਾ ਦੇ ਪੁਲ ਦਾ ਦੌਰਾ ਕੀਤਾ 
  • ਕੈਬਨਿਟ ਮੰਤਰੀ ਸੌਂਦ ਵੱਲੋਂ ਅਧਿਕਾਰੀਆਂ ਨੂੰ ਇਸ ਪੁਲ ਦੀ ਜਲਦ ਤੋਂ ਜਲਦ ਰਿਪੇਅਰ ਕਰਨ ਦੇ ਆਦੇਸ਼ ਦਿੱਤੇ

ਖੰਨਾ, 27 ਅਪ੍ਰੈਲ 2025 : ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਮਰਾਲਾ ਰੋਡ ਖੰਨਾ ਦੇ ਪੁਲ ਦਾ ਦੌਰਾ ਕੀਤਾ। ਉਹਨਾਂ ਨੇ ਦੌਰੇ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਇਸ ਪੁਲ ਦੀ ਜਲਦ ਤੋਂ ਜਲਦ ਰਿਪੇਅਰ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀਮਤੀ ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਸ੍ਰੀ ਪੁਨੀਤ ਕਲਿਆਣ ਅਤੇ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਜਗਤਾਰ ਸਿੰਘ ਰਤਨਹੇੜੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੁਲ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਖੰਨਾ ਵਿੱਚੋ ਟ੍ਰੈਫਿਕ ਡਾਇਵਰਟ ਹੋ ਕੇ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਬੰਗਾ ਨੂੰ ਜਾਂਦੀ ਹੈ। ਮੂਲ ਰੂਪ ਵਿਚ ਇਹ ਸੜਕ ਜੰਮੂ ਕਸ਼ਮੀਰ ਨੂੰ ਜਾ ਕੇ ਛੂੰਹਦੀ ਹੈ। ਇਹ ਲੰਬੀ ਸੜਕ ਹੈ। ਖੰਨਾ ਤੋਂ ਟ੍ਰੈਫਿਕ ਡਾਇਵਰਟ ਹੋ ਕੇ ਪੁਲ ਦੇ ਉਪਰ ਦੀ ਲੰਘਦੀ ਹੈ। ਪੁਲ ਪਾਰ ਕਰਕੇ ਇਸ ਦੇ ਨੇੜੇ ਹੀ ਵਿਦਿਅਕ ਸੰਸਥਾ ਏ.ਐਸ.ਕਾਲਜ ਵੀ ਪੈਦਾ ਹੈ। ਉਹਨਾਂ ਕਿਹਾ ਕਿ ਪੁਲ ਦੇ ਆਸ ਪਾਸ ਆਬਾਦੀ ਵੀ ਕਾਫੀ ਹੈ। ਇਹ ਪੁਲ ਕਾਫੀ ਲੰਬੇ ਸਮੇਂ ਤੋਂ ਰਿਪੇਅਰ ਅਤੇ ਪੈਚਵਰਕ ਮੰਗਦਾ ਸੀ। ਪੁਲ ਉੱਤੇ ਜਗ੍ਹਾ-ਜਗ੍ਹਾ ਤੇ ਖੱਡੇ ਪੈ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਇਸ ਦੀ ਰੀਕਾਰਪੇਟਿੰਗ ਵੀ ਹੋਣੀ ਹੈ। ਸੋ ਇਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੇਰੇ ਨਾਲ ਏਥੇ ਪਹੁੰਚੇ ਹੋਏ ਹਨ। ਉਹਨਾਂ ਕਿਹਾ ਕਿ ਇਸ ਪੁਲ ਦੀ ਰਿਪੇਅਰ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਪੁਲ ਦੇ ਚੰਗੀ ਤਰ੍ਹਾਂ ਖੱਡੇ ਸਾਫ਼ ਕਰਵਾ ਕੇ ਰਿਪੇਅਰ ਕੀਤੀ ਜਾਵੇਗੀ। ਉਹਨਾਂ ਕਿਹਾ ਇਸ ਦਾ ਅਨੁਮਾਨਿਤ ਖਰਚਾ ਸਬੰਧਤ ਵਿਭਾਗ ਨੂੰ ਭੇਜ ਚੁੱਕੇ ਹਾਂ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪੁਲ ਦੀ ਬਣਤਰ ਹੀ ਗਲਤ ਕਰਵਾਈ ਹੈ।  ਫਿਲਹਾਲ ਇਸ ਪੁਲ ਦੀ ਮੇਜਰ ਰਿਪੇਅਰ ਅਤੇ ਰੀਕਾਰਪੇਟਿੰਗ ਕਰਵਾ ਦੇਵਾਂਗੇ ਜਿਸ ਨਾਲ ਇਸ ਦੇ ਆਸੇ ਪਾਸੇ ਦੀ ਆਬਾਦੀ ਅਤੇ ਲੰਘਣ ਵਾਲੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।