- ਖੇਤੀ ਸੈਕਟਰ ਨਾਲ ਜੁੜੇ ਹਰ ਵਰਗ ਦੀ ਉੱਨਤੀ ਲਈ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਆਪਣੀ ਜ਼ਿੰਮੇਵਾਰੀ- ਹਰਚੰਦ ਸਿੰਘ ਬਰਸਟ
ਚੰਡੀਗੜ੍ਹ, 22 ਜੂਨ : ਨੈਸ਼ਨਲ ਕਾਉਂਸਿਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਸ (COSAMB) ਦੀ ਗੋਆ ਵਿਖੇ ਹੋਈ ਨੈਸ਼ਨਲ ਕਾਨਫਰੰਸ ਤੋਂ ਬਾਅਦ ਜਰਨਲ ਬਾਡੀ ਦੀ ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੇ ਚੈਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਜੀ ਨੂੰ ਉਨ੍ਹਾਂ ਦੀ ਮਿਹਨਤੀ ਅਤੇ ਇਮਾਨਦਾਰ ਸਖ਼ਸ਼ੀਅਤ ਸਦਕਾ ਰਾਸ਼ਟਰੀ ਪੱਧਰ ਤੇ COSAMB ਦਾ ਉੱਪ ਚੇਅਰਮੈਨ ਚੁਣਦਿਆਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਸ. ਬਰਸਟ ਨੇ ਪੰਜਾਬ ਨੂੰ ਮਿਲੇ ਇਸ ਮਾਣ ਦਾ ਸਿਹਰਾ ਇਮਾਨਦਾਰ ਮਾਨ ਸਰਕਾਰ ਨੂੰ ਦਿੰਦਿਆਂ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਿਲੀ ਇਸ ਨਵੀਂ ਜ਼ਿੰਮੇਵਾਰੀ ਅਤੇ ਅਹੁਦੇ ਪ੍ਰਤੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ, ਤਾਂ ਜੋ ਪੰਜਾਬ ਸਮੇਤ ਪੂਰੇ ਦੇਸ਼ ਦੇ ਮੰਡੀ ਸਿਸਟਮ ਨੂੰ ਕਿਸਾਨਾਂ , ਮਜ਼ਦੂਰਾਂ ,ਆੜ੍ਹਤੀਆਂ, ਵਪਾਰੀਆਂ ਆਦਿ ਸਭ ਲਈ ਲਾਭਦਾਇਕ ਅਤੇ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਤੇ ਕੋਸਾਬ (COSAMB) ਦੇ ਰਾਸ਼ਟਰੀ ਚੇਅਰਮੈਨ ਅਤੇ ਉਤਰਾਖੰਡ ਦੇ ਖੇਤੀਬਾੜੀ ਮੰਤਰੀ ਗਣੇਸ਼ ਜੋਸ਼ੀ, ਗੋਆ ਮੰਡੀ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਪਰਕਾਸ਼ ਵੈਲਪ, ਹਰਿਆਣਾ ਮੰਡੀ ਬੋਰਡ ਦੇ ਚੇਅਰਮੈਨ ਆਦਿੱਤਿਆ ਚੋਟਾਲਾ, ਕੋਸਾਬ ਦੇ ਐਮ.ਡੀ ਡਾਕਟਰ ਜੇ ਐੱਸ ਯਾਦਵ, ਨਾਗਅਰਜੁਨਾ ਗਰੁੱਪ ਦੇ ਸੀ.ਈ.ਓ ਦੁਸ਼ਿਅੰਤ ਤਿਵਾੜੀ, ਖੇਤੀਬਾੜੀ ਵਿਭਾਗ ਗੋਆ ਦੇ ਡਾਇਰੈਕਟਰ ਅਤੇ ਵੱਖ ਵੱਖ ਸੂਬਿਆਂ ਦੇ ਮੰਡੀ ਬੋਰਡਾਂ ਦੇ ਚੇਅਰਮੈਨ ਅਤੇ ਨੁਮਾਇੰਦੇ ਵੀ ਮੌਕੇ ‘ਤੇ ਹਾਜ਼ਰ ਸਨ।