- ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਵਧੇਰੇ ਚੌਕਸ ਰਹਿ ਕੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਕਰਨ ਦੀਆਂ ਹਦਾਇਤਾਂ
ਚੰਡੀਗੜ੍ਹ, 10 ਜੁਲਾਈ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਤੇਜ਼ੀ ਨਾਲ ਵਹਿ ਰਹੇ ਘੱਗਰ ਦਰਿਆ, ਝੰਬੋ ਡਰੇਨ ਅਤੇ ਹੋਰ ਬਰਸਾਤੀ ਨਾਲਿਆਂ ਸਣੇ ਸਮਾਣਾ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਕੇ ਭਾਰੀ ਬਰਸਾਤ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਨਾ ਹੀ ਘਬਰਾਹਟ ਵਿੱਚ ਆਉਣ, ਸਗੋਂ ਲੋੜ ਪੈਣ ‘ਤੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਫਲੱਡ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ। ਆਪਣੇ ਦੌਰੇ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਅਤੇ ਘੱਗਰ ਤੇ ਹੋਰ ਨਦੀਆਂ ਦੇ ਕੈਚਮੈਂਟ ਖੇਤਰ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਜਾਰੀ ਆਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨਿਰੰਤਰ ਨਿਗਰਾਨੀ ਰੱਖ ਰਹੀ ਹੈ ਅਤੇ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਲਗਾਤਾਰ ਕਾਰਜਸ਼ੀਲ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਲੋਕਾਂ ਵੱਲੋਂ ਪ੍ਰਾਪਤ ਫੀਡਬੈਕ ਤਹਿਤ ਸ. ਜੌੜਾਮਾਜਰਾ ਨੇ ਜਲ ਨਿਕਾਸ, ਲੋਕ ਨਿਰਮਾਣ, ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀਆਂ ਜਾਰੀ ਚਿਤਾਵਨੀਆਂ ਦੇ ਮੱਦੇਨਜ਼ਰ ਹੋਰ ਵਧੇਰੇ ਚੌਕਸੀ ਵਰਤਣ ਅਤੇ ਘੱਗਰ ਸਮੇਤ ਹੋਰ ਨਦੀਆਂ, ਨਾਲਿਆਂ ਦੇ ਵਹਿਣ ਉਤੇ ਨਿਰੰਤਰ ਨਿਗਰਾਨੀ ਰੱਖਣ ਤਾਂ ਕਿ ਹੜ੍ਹਾਂ ਵਰਗੀ ਸੰਭਾਵੀ ਸਥਿਤੀ ਪੈਦਾ ਹੋਣ ‘ਤੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪੂਰੀ ਸਰਕਾਰੀ ਮਸ਼ੀਨੀਰੀ ਹਰ ਤਰ੍ਹਾਂ ਨਾਲ ਯਤਨਸ਼ੀਲ ਹੈ ਜਦਕਿ ਮੁੱਖ ਮੰਤਰੀ ਨੇ ਇਸ ਸਪੈਸ਼ਲ ਗਿਰਦਾਵਰੀ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ ਤਾਂ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਸ ਦੌਰਾਨ ਸਮਾਣਾ ਸ਼ਹਿਰ ਸਣੇ ਘੱਗਰ ਦਰਿਆ ਅਤੇ ਝੰਬੋ ਡਰੇਨ ਦੇ ਨਾਲ-ਨਾਲ ਹਲਕੇ ਵਿੱਚੋਂ ਲੰਘਦੀਆਂ ਹੋਰ ਡਰੇਨਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਧਰਮੇੜ੍ਹੀ, ਘਿਉਰਾ, ਸੂਲਰ, ਜੇ.ਪੀ. ਕਾਲੋਨੀ, ਧਨੌਰੀ, ਸੱਸਾ, ਸੱਸੀ, ਸੱਸਾ ਥੇਹ, ਨਵਾਂ ਗਾਉਂ, ਮੈਣ, ਕਮਾਲਪੁਰ, ਹਰੀਪੁਰ ਆਦਿ ਪਿੰਡਾਂ ਦਾ ਵੀ ਦੌਰਾ ਕੀਤਾ ਅਤੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਲੋਕ ਸੰਪਰਕ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਆਪਣੇ ਨਾਗਰਿਕਾਂ ਨਾਲ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਮਨਿੰਦਰ ਸਿੰਘ, ਕਮਲਪ੍ਰੀਤ ਸਿੰਘ ਸਰਪੰਚ ਸੂਲਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।