- ਕਿਹਾ ਕਿ ਆਪ ਦੇ ਮੰਤਰੀ ਤੇ ਵਿਧਾਇਕ ਸ਼ਰ੍ਹੇਆਮ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਪਰ ਗ੍ਰਹਿ ਮੰਤਰੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ
ਚੰਡੀਗੜ੍ਹ, 12 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਸੂਬੇ ਵਿਚ ਨਸ਼ਾ ਤਸਕਰੀ ਵਿਚ ਚੋਖੇ ਵਾਧੇ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਤੇ ਹਾਈ ਕੋਰਟ ਵੱਲੋਂ ਬਤੌਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਇਸ ਬੁਰਾਈ ’ਤੇ ਕਾਬੂ ਪਾਉਣ ਵਿਚ ਅਸਫਲ ਰਹਿਣ ਕਾਰਨ ਪਾਈ ਝਾੜ ਮਗਰੋਂ ਅਸਤੀਫਾ ਮੰਗਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨਸ਼ਾ ਤਸਕਰੀ ਮਾਮਲੇ ਵਿਚ ਜੋ ਝਾੜ ਪਾਈ ਹੈ, ਉਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਨਾ ਸਿਰਫ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਬਲਕਿ ਸਰਗਰਮੀ ਨਾਲ ਰਾਜ ਦੀ ਪੁਲਿਸ ਨੂੰ ਉਹਨਾਂ ਖਿਲਾਫ ਕਾਰਵਾਈ ਕਰਨ ਤੋਂ ਵੀ ਰੋਕ ਰਹੇ ਹਨ। ਉਹਨਾਂ ਕਿਹਾ ਕਿ ਇੰਨੇ ਮਾੜੇ ਹਾਲਾਤ ਹਨ ਕਿ ਡੀ ਜੀ ਪੀ ਨੂੰ ਹਾਈ ਕੋਰਟ ਸਾਹਮਣੇ ਬੇਵੱਸ ਹੋ ਕੇ ਖੜ੍ਹਨਾ ਪਿਆ ਹੈ ਤੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਐਨ ਡੀ ਪੀ ਐਸ ਕੇਸਾਂ ਵਿਚ ਪੁਲਿਸ ਦੇ ਗਵਾਹ ਅਦਾਲਤਾਂ ਵਿਚ ਪੇਸ਼ ਹੋ ਕੇ ਆਪਣੇ ਬਿਆਨ ਕਿਉਂ ਨਹੀਂ ਦਰਜ ਕਰਵਾ ਰਹੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਿਰਫ ਸੱਤਾਧਾਰੀ ਸਰਕਾਰ ਤੇ ਇਸਦੇ ਮੰਤਰੀ ਤੇ ਵਿਧਾਇਕ ਹੀ ਪੁਲਿਸ ਦੇ ਗਵਾਹਾਂ ਨੂੰ ਨਸ਼ਾ ਮਾਫੀਆ ਖਿਲਾਫ ਪੇਸ਼ ਹੋਣ ਤੋਂ ਰੋਕ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਉਹਨਾਂ ਕਿਹਾ ਕਿ ਅਦਾਲਤ ਨੇ ਵੀ ਇਹ ਆਖਿਆ ਹੈ ਕਿ ਅਜਿਹਾ ਵਾਰ-ਵਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਨੂੰ ਸਪਸ਼ਟ ਤੌਰ ’ਤੇ ਦੋਸ਼ੀ ਠਹਿਰਾਇਆ ਗਿਆ ਹੈ ਕਿਉਂਕਿ ਉਹ ਆਪਣੇ ਮੁਤਾਬਕ ਦਿਨਾਂ ਵਿਚ ਨਸ਼ਾ ਤਸਕਰੀ ਨੂੰ ਖਤਮ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਬਜਾਏ ਕੇਸ ਵਿਚ ਕਿਸੇ ਅਫਸਰ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰੀ ਲੈ ਕੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਨਸ਼ੇ ਦੇ ਵਪਾਰ ਵਿਚ ਸ਼ਾਮਲ ਸਰਗਨਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੀ ਇਹ ਆਖਣ ਵਿਚ ਮਜਬੂਰ ਹੋਏ ਹਨ ਕਿ ਲੁਧਿਆਣਾ ਦੇ 33 ਸਰ਼ਾਬਰ ਦੇ ਠੇਕਿਆਂ ’ਤੇ ਨਸ਼ਾ ਵਿਕਣ ਕਾਰਨ ਉਹ ਇਹ ਮਾਮਲਾ ਐਨ ਸੀ ਬੀ ਨੂੰ ਸੌਂਪਣ ਵਾਸਤੇ ਮਜਬੂਰ ਹੋਏ ਹਨ ਕਿਉਂਕਿ ਮੁੱਖ ਮੰਤਰੀ ਇਯ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਸਾਬਤ ਹੋਏ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ’ਤੇ ਨਸ਼ਾ ਵਿਕ ਰਿਹਾ ਸੀ, ਉਹ ਜ਼ਬਤ ਤਾਂ ਕਰ ਲਏ ਗਏ ਸਨ ਪਰ ਇਕ ਮਹੀਨੇ ਬਾਅਦ ਮੁੜ ਖੋਲ੍ਹ ਦਿੱਤੇ ਗਏ ਕਿਉਂਕਿ ਆਪ ਸਰਕਾਰ ਨਸ਼ਾ ਮਾਫੀਆ ਨਾਲ ਰਲੀ ਹੋਈ ਹੈ ਤੇ ਇਸ ਨਸ਼ਾ ਕਾਰੋਬਾਰ ਨੂੰ ਪ੍ਰਫੁੱਲਤ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸੂਬੇ ਦੇ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਭਾਰਤ-ਪਾਕਿਸਤਾਨ ਬਾਰਡਰ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਨਸ਼ਾ ਕਰਿਆਨੇ ਦੀਆਂ ਦੁਕਾਨਾਂ ਵਿਚ ਵਿਕ ਰਿਹਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇਹ ਇਹ ਰਵੱਈਆ ਸਿਰਫ ਨਸ਼ਿਆਂ ਤੱਕ ਸੀਮਤ ਨਹੀਂ ਹੈ। ਉਹਨਾ ਕਿਹਾ ਕਿ ਆਪ ਸਰਕਾਰ ਰੇਤ ਮਾਫੀਆ ਦੀ ਪੁਸ਼ਤ ਪਨਾਹੀ ਵੀ ਕਰ ਰਹੀ ਹੈ। ਉਹਨਾਂ ਨੇ ਉਦਾਹਰਣ ਵੀ ਦਿੱਤੀ ਕਿ ਕਿਵੇਂ ਇਕ ਚੰਗ ਅਫਸਰ ਜਿਸਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨੂੰ ਰੇਤ ਮਾਇਨਿੰਗ ਕਰਦਿਆਂ ਫੜਿਆ ਸੀ, ਉਸਦੀ ਬਦਲੀ ਕਰ ਦਿੱਤੀ ਗਈ ਜਦੋਂ ਕਿ ਮੁਲਜ਼ਮ ਨੂੰ ਇਕ ਦਿਨ ਵੀ ਜੇਲ੍ਹ ਨਹੀਂ ਹੋਈ ਤੇ ਉਹ ਹਸਪਤਾਲ ਵਿਚ ਵੀ ਵੀ ਆਈ ਪੀ ਸਹੂਲਤਾਂ ਦਾ ਆਨੰਦ ਮਾਣਦਾ ਰਿਹਾ ਤੇ ਫਿਰ ਉਸਦੀ ਜ਼ਮਾਨਤ ਹੋ ਗਈ।