- ਬਰਸਾਤਾਂ ਦੌਰਾਨ ਰਾਜਸਥਾਨ ਫੀਡਰ ’ਚ ਪਾਣੀ ਦਾ ਵਹਾਅ ਰੋਕਣਾ ਹੜ੍ਹਾਂ ਦਾ ਕਾਰਨ ਬਣਿਆ
ਚੰਡੀਗੜ੍ਹ, 18 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਜ਼ਾਰਾਂ ਪੰਜਾਬੀਆਂ ਨੂੰ ਦਰਪੇਸ਼ ਤ੍ਰਾਸਦੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਅਣਕਿਆਸੇ ਹੜ੍ਹਾਂ ਦੌਰਾਨ ਹੜ੍ਹਾਂ ਦੀ ਮਾਰ ਤੋਂ ਬਚਾਅ ਵਾਸਤੇ ਸਰਕਾਰ ਦੀ ਗੈਰ ਮੌਜੂਦਗੀ ਵਿਚ ਇਸਦੀ ਗੰਭੀਰਤਾ ਹੋਰ ਵੱਧ ਗਈ ਹੈ। ਬਾਦਲ ਨੇ ਕਿਹਾ ਕਿ ਸਿਰਫ ਇਸ ਫੈਸਲੇ ਦੀ ਬਦੌਲਤ ਹੀ ਆਮ ਬਰਸਾਤੀ ਮੌਸਮ ਇਕ ਵੱਡੇ ਅਣਕਿਆਸੇ ਹੜ੍ਹਾਂ ਦੇ ਹਾਲਾਤ ਵਿਚ ਬਦਲ ਗਿਆ ਜਿਸ ਨਾਲ ਸੂਬੇ ਦੇ ਲੋਕ ਸੰਘਰਸ਼ ਕਰ ਰਹੇ ਹਨ। ਬਾਦਲ, ਜਿਹਨਾਂ ਨੇ ਮਲੋਟੀ-ਡੱਬਵਾਲੀ ਫੀਡਰ ਕੈਨਾਲ ਦਾ ਦੌਰਾ ਕਰਕੇ ਦੱਸਿਆਕਿ ਸਰਕਾਰ ਬੀਤੀ ਰਾਤ ਸਾਡੇ ਯਤਨਾਂ ਕਰ ਕੇ ਕੁਝ ਪਾਣੀ ਰਿਲੀਜ਼ ਕਰਨ ਵਾਸਤੇ ਮਜਬੂਰ ਹੋਈ ਹੈ, ਨੇ ਕਿਹਾ ਕਿ ਬੀਤੀ ਰਾਤ ਤੱਕ ਇਹਨਾਂ ਨੇ ਇਸ ਪਾਣੀ ਦੇ ਰਾਹ ਵਿਚੋਂ ਇਕ ਵੀ ਬੂੰਦ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਿਸ ਕਾਰਨ ਸੂਬੇ ਦਾ ਇਕ ਤਿਹਾਈ ਹਿੱਸਾ ਡੁੱਬ ਗਿਆ ਅਤੇ ਸਾਡੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਤ ਹੋਈ। ਉਹਨਾਂ ਕਿਹਾ ਕਿ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਸਾਡੇ ਲੋਕ ਖਾਸ ਤੌਰ ’ਤੇ ਪੇਂਡੂ ਲੋਕ ਤੇ ਕਿਸਾਨ ਕਈ ਸਾਲਾਂ ਤੋਂ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੱਡੀ ਪੱਧਰ ’ਤੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ ਤੇ ਨਾਲ ਹੀ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ ਜਿਸ ਕਾਰਨ ਆਰਥਿਕਕ ਤੌਰ ’ਤੇ ਸਾਡੇ ਲੋਕਾਂ ਨੂੰ ਉਭਰਨ ਵਾਸਤੇ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸੇ ਸ੍ਰੀ ਭਗਵੰਤ ਮਾਨ ਨੇ ਉਸੇ ਨਹਿਰ ਰਾਹੀਂ ਵਾਧੂ ਪਾਣੀ ਰਿਲੀਜ਼ ਕੀਤਾ ਹੈ ਜਿਸਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਕਿਸਾਨ ਪਾਣੀ ਵਾਸਤੇ ਤਰਸ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਰਾਜਸਥਾਨ ਨੂੰ ਉਸ ਵੇਲੇ ਪਾਣੀ ਦਿੱਤਾ ਜਦੋਂ ਉਹਨਾਂ ਦਾ ਮੁੱਖ ਮੰਤਰੀ ਦਾਅਵਾ ਕਰ ਰਿਹਾ ਸੀ ਕਿ ਉਹਨਾਂ ਦੇ ਸੂਬੇ ਨੂੰ ਪਾਣੀ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ, ਇਹ ਇਕ ਗੰਭੀਰ ਬੁਝਾਰਤ ਬਣੀ ਹੋਈ ਹੈ। ਬਾਦਲ ਨੇ ਕਿਹਾ ਕਿ ਇਹ ਤ੍ਰਾਸਦੀ ਸਿਰਫ ਮੁੱਖ ਮੰਤਰੀ ਦੀ ਹਊਮੈ ਤੇ ਬੇਪਰਵਾਹੀ ਦਾ ਨਤੀਜਾ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਨਫਰਤ ਦਾ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਉਹਨਾਂ ਕਿਹਾ ਕਿ ਲੋਕ ਪੰਜਾਬ ਵਿਚ ਜੋ ਵਾਪਰ ਰਿਹਾ ਹੈ, ਉਸ ਤੋਂ ਮਾਯੂਸ ਹਨ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਭਗਵੰਤ ਮਾਨ ਤੱਕ ਸਿੱਧਾ ਸਫਰ ਇਕ ਸੁਲਝੇ ਹੋਏ ਸਿਆਸਤਦਾਨ ਤੋਂ ਲੈ ਕੇ ਇਕ ਭੰਡ ਤੱਕ ਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਥੋਥੇਪਣ ਦੀ ਕੀਮਤ ਸੂਬੇ ਦੇ ਲੋਕ ਅਦਾ ਕਰ ਰਹੇ ਹਨ।