ਕੈਲੇਫ਼ੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਸਟ੍ਰਿੱਪ ਤਿਆਰ ਕੀਤੀ ਹੈ ਜੋ ਮਨੁੱਖੀ ਸਰੀਰ ਦੁਆਰਾ ਪੈਦਾ ਕੀਤੀ ਜਾਣ ਵਾਲੀ ਊਰਜਾ ਦੀ ਵਰਤੋਂ ਸਮਾਰਟਫ਼ੋਨ ਤੇ ਘੜੀਆਂ ਨੂੰ ਚਾਰਜ ਕਰਨ ਲਈ ਕਰੇਗੀ। ਇਸ ਅਧਿਐਨ 'ਚ ਸ਼ਾਮਲ ਹੋਣ ਵਾਲੇ ਖੋਜਕਰਤਾ ਦਾ ਦਾਅਵਾ ਹੈ ਕਿ 10 ਘੰਟਿਆਂ ਦੀ ਨੀਂਦ ਦੌਰਾਨ ਵੀ ਇਸ ਸਟ੍ਰਿੱਪ ਨੂੰ ਪਹਿਣ ਕੇ ਇਲੈਕਟ੍ਰੋਨਿਕ ਉਪਕਰਣਾਂ ਨੂੰ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਘੜੀ 24 ਘੰਟੇ ਤਕ ਚਲਦੀ ਰਹੇਗੀ।
ਨੀਂਦ ਸਮੇਂ ਵੀ ਡਿਵਾਈਸਾਂ ਹੋਣਗੀਆਂ ਚਾਰਜ
ਹਾਲੇ ਤਕ ਮਾਰਕੀਟ 'ਚ ਉਪਲੱਬਧ ਜ਼ਿਆਦਾਤਰ ਪਹਿਨਣਯੋਗ ਬਿਜਲੀ ਪੈਦਾ ਕਰਨ ਵਾਲੀਆਂ ਚਾਰਜਿੰਗ ਸਟ੍ਰਿੱਪ ਲਈ ਯੂਜਰਾਂ ਨੂੰ ਸਖਤ ਕਸਰਤ ਕਰਨ ਜਾਂ ਬਾਹਰੀ ਸ੍ਰੋਤਾਂ ਜਿਵੇਂ ਸੂਰਜ ਦੀ ਰੌਸ਼ਨੀ ਜਾਂ ਤਾਪਮਾਨ 'ਚ ਵੱਡੇ ਬਦਲਾਅ ਨਾਲ ਡਿਵਾਈਸਾਂ ਨੂੰ ਚਾਰਜ ਕਰਨਾ ਪੈਂਦਾ ਹੈ। ਹਾਲਾਂਕਿ ਖੋਜਕਰਤਾਵਾਂ ਵੱਲੋਂ ਵਿਕਸਤ ਕੀਤਾ ਗਿਆ ਨਵਾਂ ਉਪਕਰਣ ਲੋਕਾਂ ਨੂੰ ਸਮਾਰਟਫ਼ੋਨ ਤੇ ਘੜੀਆਂ ਚਾਰਜ ਕਰਨ 'ਚ ਮਦਦ ਕਰੇਗਾ, ਭਾਵੇਂ ਯੂਜਰ ਸੌਂ ਰਿਹਾ ਹੋਵੇ। ਨਵੀਂ ਖੋਜ ਨੂੰ ਕਾਫ਼ੀ ਵਧੀਆ ਮੰਨਿਆ ਜਾ ਰਿਹਾ ਹੈ। ਡਿਵਾਈਸ ਨੂੰ ਉਂਗਲ ਦੇ ਆਲੇ-ਦੁਆਲੇ ਪੱਟੀ ਵਾਂਗ ਲਪੇਟਣਾ ਹੈ।
ਸਟੱਡੀ 'ਚ ਸ਼ਾਮਲ ਡਾਕਟਰੇਟ ਵਿਦਿਆਰਥੀ ਲੂ ਯਿਨ ਨੇ ਬਿਆਨ 'ਚ ਕਿਹਾ, "ਪਸੀਨੇ ਨਾਲ ਚੱਲਣ ਵਾਲੇ ਹੋਰ ਡਿਵਾਈਸਾਂ ਤੋਂ ਉਲਟ ਇਸ ਨੂੰ ਪਹਿਨਣ ਵਾਲੇ ਤੋਂ ਕਿਸੇ ਤਰ੍ਹਾਂ ਦੀ ਸਰੀਰਕ ਕਸਰਤ ਦੀ ਲੋੜ ਨਹੀਂ ਪੈਂਦੀ। ਇਹ ਡਿਵਾਈਸ ਵੱਧ ਵਿਵਹਾਰਕ, ਸੁਵਿਧਾਜਨਕ ਤੇ ਸੁਖਾਵਾਂ ਬਣਾ ਦਿੰਦਾ ਹੈ।"
ਯਿਨ ਨੇ ਇਨ੍ਹਾਂ ਚਾਰਜਿੰਗ ਸਟ੍ਰਿੱਪਾਂ ਵੱਲੋਂ ਬਿਜਲੀ ਪੈਦਾ ਕਰਨ ਲਈ ਉਂਗਲਾਂ ਦੀ ਵਰਤੋਂ ਕਰਨ ਬਾਰੇ ਵੀ ਦੱਸਿਆ। ਡਿਵਾਈਸ ਇੱਕ ਕਾਰਬਨ ਫੋਮ ਨਾਲ ਬਣੇ ਬਿਜਲੀ ਦੇ ਕੰਡਕਟਰ ਨਾਲ ਲੈੱਸ ਹੈ, ਜੋ ਮਨੁੱਖੀ ਪਸੀਨੇ ਨੂੰ ਜਜ਼ਬ ਕਰ ਸਕਦਾ ਹੈ। ਇਨ੍ਹਾਂ ਇਲੈਕਟ੍ਰੋਡਾਂ ਦੇ ਪਾਚਕ ਪਸੀਨੇ ਦੇ ਅਣੂ- ਲੈਕਟੇਟ ਅਤੇ ਆਕਸੀਜਨ ਦੇ ਵਿਚਕਾਰ ਰਸਾਇਣਕ ਪ੍ਰਤੀਕ੍ਰਿਆ ਪੈਦਾ ਕਰਦੇ ਹਨ, ਨਤੀਜੇ ਵਜੋਂ ਬਿਜਲੀ ਦਾ ਉਤਪਾਦਨ ਹੁੰਦਾ ਹੈ।