ਭਾਰਤ ਵਿੱਚ ਕਰੋਨਾ ਕਾਲ ਸਮੇਂ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਦੇ ਸਮੂਹ ਕਿਸਾਨਾਂ ਨੇ ਇੱਕਜੁੱਟ ਹੋ ਕੇ ਇੱਕ ਲੰਮਾ ਸੰਘਰਸ਼ ਕੀਤਾ , ਜੋ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਅਤੇ ਇਤਿਹਾਸਕ ਪਛਾਣ ਬਣਾ ਗਿਆ । ਇਸ ਕਿਸਾਨੀ ਸੰਘਰਸ਼ ‘ਚ ਸੈਂਕੜੇ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਵੀ ਦੇਣੀਆਂ ਪਈਆਂ । ਇਹ ਕਿਸਾਨੀ ਧਰਨਾ ਹੁਣ ਤੱਕ ਦਾ ਸੰਸਾਰ ਦਾ ਸਭ ਤੋਂ ਵੱਡਾ ਅਤੇ ਲੰਮਾ ਸਮਾਂ ਚੱਲਣ ਵਾਲਾ ਧਰਨਾ ਮੰਨਿਆ ਗਿਆ ਹੈ ਅਤੇ ਇਸਨੂੰ ਭਾਰਤ ਸਮੇਤ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਮੀਡੀਆ ਨੇ ਕਵਰ ਕੀਤਾ ਸੀ । ਇਸ ਕਿਸਾਨ ਸੰਘਰਸ਼ ਨੂੰ ਅਮਰੀਕਾ ਦੇ ਇੱਕ ਸਿੱਖ ਪੱਤਰਕਾਰ ਅੰਗਦ ਸਿੰਘ ਨੇ ਬਹੁਤ ਨੇੜਿਓਂ ਬੜੀ ਬਾਰੀਕੀ ਨਾਲ ਕਵਰ ਕਰਕੇ ਇਸ ਕਿਸਾਨੀ ਅੰਦੋਲਨ ਉੱਤੇ ਅਮਰੀਕਾ ਸਥਿੱਤ “ਵਾਇਸ ਨਿਊਜ਼” ਲਈ ਏਸ਼ੀਆ ਕੇਂਦ੍ਰਿਤ ਇੱਕ ਅੰਗਰੇਜ਼ੀ ਡਾਕੂਮੈਂਟਰੀ ਫਿਲਮ ਬਣਾਕੇ ਪੂਰੇ ਵਿੱਸ਼ਵ ਦੇ ਲੋਕਾਂ ਨੂੰ ਭਾਰਤ ਸਕਕਾਰ ਵੱਲੋਂ ਕਿਸਾਨਾਂ ਉੱਤੇ ਜਬਰਨ ਥੋਪੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਵਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ।
ਸਿੱਖ ਪੱਤਰਕਾਰ ਅੰਗਦ ਸਿੰਘ ਵਿਰੁੱਧ ਬੌਖ਼ਲਾਈ ਭਾਰਤ ਸਰਕਾਰ ਨੇ ਉਸਦੇ ਆਪਣੀ ਮਾਤ-ਭੂੰਮੀ ਪੰਜਾਬ ਅਉਣ ‘ਤੇ ਦਿੱਲੀ ਏਅਰਪੋਰਟ ਤੋਂ ਹੀ ਬੇਰੰਗ ਵਾਪਸ ਭੇਜਣ ਦੀ ਦੁੱਖਦਾਇਕ ਖ਼ਬਰ ਪ੍ਰਾਪਤ ਹੋਈ ਹੈ। 14 ਘੰਟਿਆਂ ਦੇ ਲੰਮੇ ਹਵਾਈ ਸਫਰ ਕਰਕੇ ਦਿੱਲੀ ਏਅਰਪੋਰਟ ਪੁੱਜੇ ਅੰਗਦ ਸਿੰਘ ਨੂੰ ਏਅਰਪੋਰਟ ਅਧਿਕਾਰੀਆਂ ਵੱਲੋਂ ਬਿਨਾਂ ਕਾਰਨ ਦੱਸੇ ਅਮਰੀਕਾ ਜਾਣ ਵਾਲੀ ਅਗਲੀ ਫਲਾਈਟ ਵਿੱਚ ਬਿਠਾ ਦੇਣਾ ਵਿਸ਼ਵ ਦੀਆਂ ਸਮੁੱਚੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਅਤੀ ਨਿੰਦਣਯੋਗ ਅਤੇ ਮੰਦਭਾਗਾ ਕਰਾਰ ਦਿੱਤਾ ਗਿਆ ਹੈ ।
ਪੱਤਰਕਾਰੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਅਨੇਕਾਂ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਵਾਪਸ ਅਮਰੀਕਾ ਭੇਜਣ ‘ਤੇ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਟਿੱਪਣੀ ਨਾ ਕਰਨਾ ਘੱਟਗਿਣਤੀ ਭਾਈਚਾਰਿਆਂ ‘ਤੇ ਹਮਲਾ ਮੰਨਣਾਂ ਕੋਈ ਅੱਤਕਥਨੀ ਨਹੀਂ ਹੋਵੇਗਾ ।
ਬਲਜਿੰਦਰ ਭਨੋਹੜ ।