ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਵਨ ਸਰੂਪਾਂ ਦੀ ਛਪਾਈ ਲਈ ਵਿਦੇਸ਼ਾਂ ’ਚ ਵੀ ਪ੍ਰਿੰਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਵੱਖ-ਵੱਖ ਮੁਲਕਾਂ ਵਿੱਚ ਪਾਵਨ ਸਰੂਪਾਂ ਦੀ ਵਧ ਰਹੀ ਮੰਗ ਪੂਰੀ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਾਵਨ ਸਰੂਪਾਂ ਦੀ ਵਧੀ ਮੰਗ ਦੇ ਮੱਦੇਨਜ਼ਰ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪ੍ਰਿੰਟਿੰਗ ਪ੍ਰੈੱਸਾਂ ਲਾਈਆਂ ਜਾਣਗੀਆਂ ਅਤੇ ਜਿਹੜੇ ਦੇਸ਼ ਵਿੱਚ ਵੀ ਪ੍ਰਿੰਟਿੰਗ ਪ੍ਰੈੱਸ ਲਾਈ ਜਾਵੇਗੀ, ਉੱਥੋਂ ਨੇੜਲੇ ਦੇਸ਼ਾਂ ਵਿੱਚ ਸੜਕੀ ਮਾਰਗ ਰਾਹੀਂ ਸਰੂਪ ਲੋੜ ਵਾਲੀ ਥਾਂ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੋੜ ਅਨੁਸਾਰ ਪਾਵਨ ਸਰੂਪ ਸੜਕੀ ਮਾਰਗ ਰਾਹੀਂ ਆਪ ਪਹੁੰਚਾਉਣ ਦਾ ਪ੍ਰਬੰਧ ਕਰੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿਸ਼ੇਸ਼ ਬੱਸ ਰਾਹੀਂ 100 ਪਾਵਨ ਸਰੂਪ ਗੁਜਰਾਤ ਪਹੁੰਚਾਏਗੀ।