ਪਸ਼ੂ ਕਲਿਆਣ ਬੋਰਡ ਵੱਲੋਂ ਸਿੱਪੀ ਗਿੱਲ ਨੂੰ ਨੋਟਿਸ ਜਾਰੀ

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਵੱਲੋਂ ਨੋਟਿਸ ਜਾਰੀ ਹੋਇਆ ਹੈ ਜਿਸ ਦਾ ਜਵਾਬ 7 ਦਿਨਾਂ ਦੇ ਅੰਦਰ ਅੰਦਰ ਦੇਣਾ ਪਵੇਗਾ। ਦਰਅਸਲ, ਦੋ ਮਹੀਨੇ ਪਹਿਲਾਂ ਪੰਡਿਤਰਾਓ ਧਰੇਨਵਰ ਨੇ ਭਾਰਤ ਦੇ ਪਸ਼ੂ ਭਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਬਿਨ੍ਹਾਂ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਘੋੜਾ ਤੇ ਕੁੱਤਾ ਦਿਖਾਇਆ ਹੈ। ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵੱਡਮੁੱਲੀ ਪਛਾਣ ਪੂਰੇ ਵਿਸ਼ਵ ਭਰ ਅੰਦਰ ਬਣਾਈ, ਪਰ ਅਜੋਕੀ ਗਾਇਕੀ ਨੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ, ਸ਼ਰਾਬ ਨਾਲ ਜੋੜ ਦਿੱਤਾ।


ਅੱਜ ਦੇ ਗਾਇਕ ਆਪਣੇ ਗਾਣਿਆਂ 'ਚ ਸ਼ਰਾਬ ਤੇ ਹਥਿਆਰਾਂ ਨੂੰ ਪ੍ਰਫੁੱਲਤ ਕਰ ਰਹੇ ਹਨ। ਅਜਿਹੇ ਗਾਇਕਾਂ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਡਿਤਰਾਓ ਧਰੇਨਵਰ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਦੇ ਹਨ। ਪਿਛਲੇ ਸਮੇਂ ਤੋਂ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਤੇ ਲੱਚਰ ਗਾਇਕੀ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ।