ਕੇਂਦਰ ਸਰਕਾਰ ਵੱਲੋਂ ਕਿਸਾਨਾਂ ‘ਤੇ ਥਾਪੇ ਗਏ ਕਾਲ਼ੇ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ‘ਤੇ ਲਗਾਤਾਰ ਸ਼ਬਦੀ ਹਮਲੇ ਦਾਗ਼ਣ ਵਾਲੇ ਚਰਚਿਤ ਮੇਘਾਲਿਆ ਦੇ ਗਵਰਨਰ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਘੁਮੰਡੀ ਬੰਦਾ ਹੈ । ਉਹਨਾਂ ਕਿਹਾ ਕਿ ਹਰਿਆਣਾ ‘ਚ ਦਾਦਰੀ ਸਥਿੱਤ ਸਵਾਮੀ ਦਿਆਲ ਧਾਮ ਜਦੋਂ ਉਹ ਮੱਥਾ ਟੇਕਣ ਗਏ ਤਾਂ ਉੱਥੇ ਉਹਨਾਂ ਦਾ ਮੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਇਆ । ਸ਼੍ਰੀ ਮਲਿਕ ਨੇ ਕਿਹਾ ਕਿ ਜਦੋਂ ਉੱਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਖੇਤੀ ਬਿੱਲਾਂ ਸਬੰਧੀ ਗੱਲ-ਬਾਤ ਹੋਈ ਤਾਂ ਪ੍ਰਧਾਨ ਮੰਤਰੀ ਘੁਮੰਡ ਵਿੱਚ ਆ ਕੇ ਗੱਲ ਕਰ ਰਹੇ ਸਨ। ਸ਼੍ਰੀ ਮਲਿਕ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਕਿਸਾਨ ਧਰਨੇ ਦੌਰਾਨ 500 ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤਾਂ ਪ੍ਰਧਾਨ ਮੰਤਰੀ ਨੇ ਘੁਮੰਡ ਵਿੱਚ ਆ ਕੇ ਕਿਹਾ ਕਿ ਉਹ ਮੇਰੇ ਲਈ ਮਰੇ ਹਨ। ਸ਼੍ਰੀ ਮਲਿਕ ਨੇ ਦੱਸਿਆ ਕਿ ਇਸ ਗੱਲ ‘ਤੇ ਉਸਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹਿਸ ਹੋ ਗਈ ।
ਗਵਰਨਰ ਮਲਿਕ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਐੱਮ ਐੱਸ ਪੀ ‘ਤੇ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਮਾਨਦਾਰੀ ਦਿਖਾਉਂਦੇ ਹੋਏ ਕਿਸਾਨਾਂ ‘ਤੇ ਦਰਜ ਕੀਤੇ ਕੇਸ ਵਾਪਸ ਲੈਣੇ ਚਾਹੀਦੇ ਹਨ । ਉਨ੍ਹਾਂ ਕਿਸਾਨਾਂ ਦੇ ਹੱਕ ‘ਚ ਖੜ੍ਹਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਗਵਰਨਰ ਦੀ ਕੁਰਸੀ ਵੀ ਛੱਡ ਦੇਣਗੇ।