ਮੰਗਲਵਾਰ ਨੂੰ ਅਫਗਾਨਿਸਤਾਨ ਤੋਂ ਭਾਰਤ ਆਏ 78 ਲੋਕਾਂ ਵਿੱਚੋਂ 16 ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਨ੍ਹਾਂ 16 ਵਿੱਚ ਉਹ ਤਿੰਨ ਅਫਗਾਨ ਨਾਗਰਿਕ ਵੀ ਹਨ, ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਦਿੱਲੀ ਆਏ ਹਨ। ਭਾਰਤ ਸਰਕਾਰ ਨੇ ਸਾਵਧਾਨੀ ਵਰਤਦਿਆਂ ਇਨ੍ਹਾਂ ਤਿੰਨਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਬੀਤੇ ਦਿਨ ਦਿੱਲੀ ਪਹੁੰਚੇ ਇੰਨਾਂ ਸਿੱਖਾਂ ਦੇ ਸੁਆਗਤ ਲਈ ਕੇਂਦਰੀ ਮੰਤਰੀ ਹਰਦੀਪ ਪੂਰੀ ਵੀ ਸੰਪਰਕ ਵਿੱਚ ਆਏ ਸਨ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਹੋਰ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਦਿੱਲੀ ਹਵਾਈ ਅੱਡੇ 'ਤੇ ਪ੍ਰਾਪਤ ਕੀਤੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪ ਪ੍ਰਾਪਤ ਕਰਨ ਸਮੇਂ ਸੇਵਾ ਵੀ ਨਿਭਾਈ ਸੀ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਟਵੀਟ ਕੀਤਾ, “ਤਿੰਨੋਂ ਧਰਮਿੰਦਰ ਸਿੰਘ, ਕੁਲਰਾਜ ਸਿੰਘ ਅਤੇ ਹਿੰਮਤ ਸਿੰਘ, ਜੋ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਏ ਹਨ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਭੇਜਿਆ ਗਿਆ ਹੈ। ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ ।"
ਮੰਗਲਵਾਰ ਨੂੰ ਭਾਰਤ ਆਏ 78 ਲੋਕਾਂ ਵਿੱਚੋਂ ਅਫਗਾਨ ਸਿੱਖ ਅਤੇ ਹਿੰਦੂਆਂ ਦੀ ਗਿਣਤੀ 46 ਸੀ, ਜਿਨ੍ਹਾਂ ਵਿੱਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਸ਼ਾਮਲ ਸਨ। ਤਿੰਨੋਂ ਸਰੂਪਾਂ ਨੂੰ ਦਿੱਲੀ ਦੇ ਕਾਬੁਲੀ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਹਨ। ਸਿੱਖ ਭਾਈਚਾਰੇ ਦੇ ਮੈਂਬਰ ਛਬੋਲ ਸਿੰਘ ਨੇ ਵੀ 6 ਅਫਗਾਨ ਸਿੱਖਾਂ ਅਤੇ ਹਿੰਦੂਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਹਤ ਮੰਤਰਾਲੇ ਦੇ ਨਿਯਮਾਂ ਦੇ ਅਨੁਸਾਰ, ਅਫਗਾਨਿਸਤਾਨ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਏਗਾ।