ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰਾਗੜ੍ਹੀ ਯਾਦਗਰ ਵਿੰਡਸਫੀਲਡ ਵੁਲਵਰਹੈਂਪਟਨ ਵਿਖੇ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ 'ਤੇ ਉੱਕਰੀਆਂ ਗੁਰਬਾਣੀ ਦੀਆਂ ਤੁਕਾਂ 'ਸੂਰਾ ਸੋ ਪਹਿਚਾਨੀਏ' ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ | ਉਨ੍ਹਾਂ ਉਦਘਾਟਨ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਨਿੱਜੀ ਤੌਰ 'ਤੇ ਆਦੇਸ਼ ਦਿੱਤਾ ਕਿ ਅਜਿਹਾ ਕਰਨਾ ਗਲਤ ਹੈ, ਜਿਸ ਲਈ ਪ੍ਰਬੰਧਕ ਕਮੇਟੀ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਜਲਦੀ ਹੀ ਇਨ੍ਹਾਂ ਤੁਕਾਂ ਨੂੰ ਹਟਾ ਦਿੱਤਾ ਜਾਵੇਗਾ | ਗੁਰੂ ਨਾਨਕ ਗੁਰਦੁਆਰਾ ਦੇ ਪ੍ਰਬੰਧਕ ਸਟੇਜ ਸਕੱਤਰ ਪਰਮਜੀਤ ਸਿੰਘ ਢਾਡੀ ਨੇ ਕਿਹਾ ਕਿ ਇਹ ਗਲਤੀ ਹੋਈ ਹੈ | ਉਦਘਾਟਨ ਤੋਂ ਬਾਅਦ ਜਿਉਂ ਹੀ ਸਿੰਘ ਸਾਹਿਬ ਨੇ ਵੇਖਿਆ ਤਾਂ ਉਨ੍ਹਾਂ ਤੁਰੰਤ ਹੀ ਇਸ ਗਲਤੀ ਨੂੰ ਸੁਧਾਰਨ ਦਾ ਆਦੇਸ਼ ਦਿੱਤਾ ਸੀ | ਅਸੀਂ ਆਰਜ਼ੀ ਤੌਰ 'ਤੇ ਉਕਤ ਹਿੱਸੇ ਨੂੰ ਢੱਕ ਦਿੱਤਾ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਮੁਕੰਮਲ ਤੌਰ 'ਤੇ ਹਟਾ ਰਹੇ ਹਾਂ | ਉਹਨਾਂ ਕਿਹਾ ਕਿ ਇਸ ਗਲਤੀ ਨੂੰ ਲੈ ਕੇ ਜੋ ਲੋਕ ਆਲੋਚਨਾ ਕਰ ਰਹੇ ਹਨ, ਅਸੀਂ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ | ਉਨ੍ਹਾਂ ਕਿਹਾ ਕਿ ਗਲਤੀ ਦੀ ਅਸੀਂ ਮੁਆਫੀ ਮੰਗਦੇ ਹਾਂ ਅਤੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਤਨਖਾਹ ਲਾਈ ਜਾਵੇਗੀ ਤਾਂ ਅਸੀਂ ਸਜ਼ਾ ਵੀ ਭੁਗਤਾਂਗੇ |