ਗੂਗਲ ਵੱਲੋਂ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੀ 107ਵੀਂ ਜਯੰਤੀ 'ਤੇ ਡੂਡਲ ਬਣਾਇਆ ਹੈ। ਸਾਰਾ ਠੁਕਰਾਲ ਪਹਿਲੀ ਭਾਰਤੀ ਮਹਿਲਾ ਹੈ ਜਿਸ ਨੇ ਏਅਰਕ੍ਰਾਫਟ ਉਡਾਇਆ। ਗੂਗਲ 'ਤੇ ਦਰਸਾਇਆ ਇਹ ਡੂਡਲ ਵਰਿੰਦਾ ਜ਼ਾਵੇਰੀ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਗੂਗਲ ਡੂਡਲ ਪੇਜ ਦਾ ਕਹਿਣਾ ਹੈ ਕਿ ਠੁਕਰਾਲ ਨੇ ਹਵਾਬਾਜ਼ੀ 'ਚ ਔਰਤਾਂ ਲਈ ਅਜਿਹੀ ਛਾਪ ਛੱਡੀ ਕਿ ਇਸ ਸਾਲ ਉਨ੍ਹਾਂ ਦੀ 107ਵੀਂ ਜਯੰਤੀ ਤੇ ਸਨਮਾਨ ਵਜੋਂ ਗੂਗਲ 'ਤੇ ਡੂਡਲ ਦਰਸਾਇਆ ਹੈ। ਸਰਲਾ ਠੁਕਰਾਲ ਦਾ 8 ਅਗਸਤ, 1914 ਨੂੰ ਦਿੱਲੀ 'ਚ ਜਨਮ ਹੋਇਆ। ਇਸ ਤੋਂ ਬਾਅਦ ਉਹ ਲਾਹੌਰ ਚਲੇ ਗਏ ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ। ਸਰਲਾ ਦੇ ਆਪਣੇ ਪਤੀ ਤੋਂ ਪ੍ਰੇਰਿਤ ਹੋਕੇ ਉਡਾਣ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। 21 ਸਾਲ ਦੀ ਉਮਰ 'ਚ ਸਰਲਾ ਠੁਕਰਾਲ ਨੇ ਰਵਾਇਤੀ ਸਾੜੀ ਪਹਿਨ ਕੇ ਆਪਣੀ ਪਹਿਲੀ ਸੋਲੋ ਫਲਾਇਟ ਲਈ ਛੋਟੇ ਡਬਲ ਵਿੰਗ ਵਾਲੇ ਜਹਾਜ਼ ਦੇ ਕੌਕਪਿੱਟ ਪੈਰ ਰੱਖਿਆ। ਇਸ ਦੇ ਨਾਲ ਹੀ ਸਰਲਾ ਨੇ ਵੱਡਾ ਇਤਿਹਾਸ ਰਚਿਆ।
ਸਰਲਾ ਲਾਹੌਰ ਫਲਾਇੰਗ ਕਲੱਬ ਦੀ ਵਿਦਿਆਰਥਣ ਸੀ। ਉਸ ਨੇ ਆਪਣਾ A ਲਾਇਸੰਸ ਪ੍ਰਾਪਤ ਕਰਨ ਲਈ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ। ਜੋ ਭਾਰਤੀ ਮਹਿਲਾ ਲਈ ਵੱਡਾ ਮੌਕਾ ਸੀ। ਫਿਰ ਉਸ ਨੇ ਕਮਰਸ਼ੀਅਲ ਪਾਇਲਟ ਬਣਨ ਦੀ ਤਿਆਰੀ ਆਰੰਭ ਕੀਤੀ। ਇਸ ਦਰਮਿਆਨ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਸਿਖਲਾਈ 'ਤੇ ਰੋਕ ਲੱਗ ਗਈ। ਇਸ ਮਗਰੋਂ ਸਰਲਾ ਠੁਕਰਾਲ ਨੇ ਲਾਹੌਰ ਦੇ ਮਾਇਓ ਸਕੂਲ ਆਫ ਆਰਟਸ ਜੋ ਹੁਣ ਨੈਸ਼ਨਲ ਕਾਲਜ ਆਫ ਆਰਟਸ ਹੈ ਉੱਥੋਂ ਫਾਈਨ ਆਰਟ ਤੇ ਪੇਂਟਿੰਗ ਦਾ ਕੋਰਸ ਕੀਤਾ। ਇਸ ਮਗਰੋਂ ਉਹ ਫਿਰ ਦਿੱਲੀ ਆ ਗਈ ਤੇ ਆਪਣੀ ਪੇਂਟਿੰਗ ਜਾਰੀ ਰੱਖੀ। ਸਰਲਾ ਠੁਕਰਾਲ ਨੇ ਕੱਪੜਿਆਂ ਤੇ ਗਹਿਣਿਆਂ ਦੀ ਡਿਜ਼ਾਇਨਿੰਗ 'ਚ ਸਫ਼ਲ ਕਰੀਅਰ ਬਣਾਇਆ। ਇਸ ਔਰਤ ਦੇ ਸਨਮਾਨ 'ਚ ਹੀ ਗੂਗਲ ਵੱਲੋਂ ਡੂਡਲ ਦਰਸਾਇਆ ਗਿਆ ਹੈ।