ਚੰਡੀਗੜ੍ਹ 'ਚ ਨਵੇਂ ਨਿਯਮਾਂ ਨਾਲ ਖ਼ਤਮ ਹੋਇਆ ਨਾਇਟ ਕਰਫ਼ਿਊ

ਕੋਰੋਨਾ ਵਾਇਰਸ ਦੇ ਘੱਟਦੇ ਪ੍ਰਕੋਪ ਨੂੰ ਵੇਖਦੇ ਹੋਏ ਚੰਡੀਗੜ੍ਹ ਵਿਚ ਨਾਇਟ ਕਰਫਿਊ ਹਟਾ ਦਿੱਤਾ ਗਿਆ ਹੈ। ਇਸ ਬਾਰੇ ਯੂਟੀ ਦੇ ਪ੍ਰਸ਼ਾਸਕ ਵੀਪੀ ਬਦਨੌਰ ਦੀ ਪ੍ਰਧਾਨਗੀ ਹੇਠ ਕੋਵਿਡ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ। ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਾਇਟ ਕਰਫਿਊ ਹਟਾਉਣ ਨੂੰ ਲੈ ਕੇ ਫੈਸਲਾ ਲਿਆ। ਕਰਫਿਊ ਹਟਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। 

ਰੈਸਟੋਰੈਂਟ ਅਤੇ ਬਾਰ 50 ਫੀਸਦੀ ਨਾਲ ਸਵੇਰੇ 8.00 ਤੋਂ ਲੈ ਕੇ 12.00 ਵਜੇ ਤੱਕ ਖੁੱਲੇ ਰਹਿ ਸਕਦੇ ਹਨ। ਇਸ ਤੋਂ ਇਲਾਵਾ ਆਮ ਜਨਤਾ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਦੁਪਹਿਰ 12.00 ਵਜੇ ਤੋਂ 1.00 ਵਜੇ ਤੱਕ ਆਪਣੇ ਸਰਕਾਰੀ ਕੰਮਾਂ ਦੇ ਲਈ ਦਫ਼ਤਰਾਂ ਵਿਚ ਜਾ ਸਕਦੇ ਹਨ। ਚੰਡੀਗੜ੍ਹ ਵਿਚ ਜੋ ਵੀ ਵਿਅਕਤੀ ਆਏ ਉਸ ਨੂੰ ਵੈਕਸੀਨ ਲੱਗੀ ਹੋਵੇ ਅਤੇ 72 ਘੰਟਿਆ ਦੀ ਆਰਟੀਪੀਸੀਆਰ ਦੀ ਰਿਪੋਰਟ ਹੋਣੀ ਚਾਹੀਦੀ ਹੈ। ਇਸ ਤੋਂ ਹਾਕੀ, ਫੁੱਟਬਾਲ ਅਤੇ ਕ੍ਰਿਕੇਟ ਅਕਾਡਮੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਸ਼ਰਤ ਇਹ ਹੈ ਕਿ ਸਾਰਿਆਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੋਵੇਗੀ। ਉਥੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਲਈ ਮਾਤਾ-ਪਿਤਾ ਦੀ ਸਹਿਮਤੀ ਜ਼ਰੂਰੀ ਹੈ। ਜਿਹੜੇ ਖਿਡਾਰੀਆਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ ਵੈਕਸੀਨ ਲਗਵਾਉਣੀ ਅਤੀ ਜ਼ਰੂਰੀ ਹੈ। ਸਰਵਜਨਕ ਯਾਤਰਾ ਲਈ 50 ਫੀਸਦੀ ਯਾਤਰੀਆਂ ਦੀ ਪਾਬੰਦੀ ਨੂੰ ਵਾਪਸ ਲਿਆ ਜਾਂਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਆਹ ਅਤੇ ਸਮਾਜਿਕ ਪ੍ਰੋਗਰਾਮਾਂ ਲਈ ਆਗਿਆ ਲੈਣੀ ਜ਼ਰੂਰੀ ਅਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣਾ ਕਰਨੀ ਜ਼ਰੂਰੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕੋਰੋਨਾ ਵਾਇਰਸ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।